ਮੇਅਰ ਨੇ ਛੂਟ ਦੇ ਆਖਰੀ ਦਿਨ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੀਤੀ ਅਪੀਲ ਸਤਵਿੰਦਰ ਸ਼ਰਮਾ,
Time24Live/ ਲੁਧਿਆਣਾ ਸ਼ਹਿਰ ਵਾਸੀਆਂ ਲਈ ਚਾਲੂ ਵਿੱਤੀ ਸਾਲ 2025-26 ਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ’ਤੇ 10 ਪ੍ਰਤੀਸ਼ਤ ਛੂਟ ਦਾ ਅੱਜ ਆਖਰੀਦਿਨ ਹੋਣ ਕਰਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਬਕਾਏ ਦਾ ਭੁਗਤਾਨ ਕਰਕੇ ਲਾਭ ਉਠਾਉਣ। ਛੂਟ ਦੇ ਆਖਰੀ ਦਿਨ ਹੋਣ ਕਾਰਨ ਸੋਮਵਾਰ ਨੂੰ ਨਗਰ ਨਿਗਮ ਦੇ ਸੁਵਿਧਾ ਕੇਂਦਰਾਂ ’ਤੇ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਦੀ ਭੀੜ ਲੱਗੀ ਰਹੀ, ਪਰ ਮੁਲਾਜ਼ਮਾਂ ਨੇ ਸੁਵਿਧਾ ਕੇਂਦਰਾਂ ’ਤੇ ਟੈਕਸ ਜਮ੍ਹਾ ਕਰਵਾਉਣ ਲਈ ਆਏ ਸਾਰੇ ਲੋਕਾਂ ਦਾ ਪ੍ਰਾਪਰਟੀ ਟੈਕਸ ਜਮ੍ਹਾ ਕੀਤਾ। ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਭੁਗਤਾਨ 30 ਸਤੰਬਰ ਤੱਕ ਕੀਤਾ ਜਾਂਦਾ ਹੈ ਤਾਂ ਟੈਕਸ ਭਰਨ ਵਾਲੇ ਨੂੰ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ ਤੇ 10 ਪ੍ਰਤੀਸ਼ਤ ਛੂਟ ਮਿਲੇਗੀ। ਜਦਕਿ 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਦੇ ਭੁਗਤਾਨ ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ, ਨਿਗਮ ਅਧਿਕਾਰੀਆਂ ਮੁਤਾਬਿਕ ਵਿਭਾਗ 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਦੇ ਭੁਗਤਾਨ ਤੇ 10 ਪ੍ਰਤੀਸ਼ਤ ਜੁਰਮਾਨਾ ਲਗਾਉਂਦਾ ਹੈ। ਜੇਕਰ ਸ਼ਹਿਰ ਵਾਸੀ 31 ਮਾਰਚ ਤੱਕ ਮੌਜੂਦਾ ਵਿੱਤੀ ਸਾਲ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਜੁਰਮਾਨਾ ਵਧਾ ਕੇ 20 ਪ੍ਰਤੀਸ਼ਤ ਕਰ ਦਿੱਤਾ ਜਾਂਦਾ ਹੈ ਅਤੇ 18 ਪ੍ਰਤੀਸ਼ਤ ਸਾਲਾਨਾ ਵਿਆਜ ਵੀ ਲਗਾਇਆ ਜਾਂਦਾ ਹੈ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ ਤੋਂ ਬਚਣ ਲਈ, ਵਸਨੀਕ ਨਗਰ ਨਿਗਮ ਦੀ ਵੈੱਬਸਾਈਟ (mcludhiana.gov.in) ਤੇ ਜਾ ਕੇ ਬਕਾਇਆ ਟੈਕਸ ਔਨਲਾਈਨ ਵੀ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੇ ਟੈਕਸ ਅਦਾ ਕਰਨ ਅਤੇ ਛੋਟ ਦਾ ਲਾਭ ਉਠਾਉਣ। ਇਨ੍ਹਾਂ ਫੰਡਾਂ ਦੀ ਵਰਤੋਂ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਸ਼ਹਿਰ ਵਿੱਚ ਵਿਕਾਸ ਕਾਰਜ ਕਰਨ ਲਈ ਕੀਤੀ ਜਾਂਦੀ ਹੈ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ