ਤਿਉਹਾਰਾਂ ਦੇ ਦੌਰਾਨ ਸਿਰਫ਼ ਮਿਆਰੀ ਅਤੇ ਸਾਫ਼-ਸੁਥਰੇ ਦੁਕਾਨਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦੀਆਂ ਜਾਣ: ਜਿਲਾ ਸਿਹਤ ਅਫਸਰ

ਹੁਸ਼ਿਆਰਪੁਰ, 3 ਅਕਤੂਬਰ (TLT NEWS) ਤਿਉਹਾਰਾਂ ਦੇ ਮੌਸਮ ਵਿੱਚ ਖਾਣ-ਪੀਣ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਆਈ.ਏ.ਐਸ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ ਦੇ ਹੁਕਮਾਂ ਹੇਠ, ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਬੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਤਿੰਦਰ ਭਾਟੀਆ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਤੇ ਇਸ਼ਾਨ ਬਾਂਸਲ ਅਤੇ ਟੀਮ ਮੈੰਬਰ ਰਾਮ ਲੁਬਾਇਆ ਨੇ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਮਾਹਿਲਪੁਰ ਅੱਡੇ ਤੇ ਸਥਿਤ ਇੱਕ ਨਾਮੀ ਗਰਾਮੀ ਹਲਵਾਈ ਦੀ ਦੁਕਾਨ ਤੇ ਅਚਨਚੇਤ ਚੈਕਿੰਗ ਕੀਤੀ। ਮਿਲੀ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਗਈ ਇਸ ਚੈਕਿੰਗ ਦੌਰਾਨ ਪਨੀਰ ਅਤੇ ਰੱਸਗੁੱਲੇ ਦੇ ਸੈਂਪਲ ਲਏ ਗਏ। ਇਹ ਸਾਰੇ ਸੈਂਪਲ ਜਾਂਚ ਲਈ ਫੂਡ ਸੇਫਟੀ ਲੈਬ ਖਾਰੜ ਭੇਜੇ ਗਏ ਹਨ ਅਤੇ ਰਿਪੋਰਟ ਪ੍ਰਾਪਤ ਹੋਣ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਟੀਮ ਵੱਲੋਂ ਤਿਉਹਾਰਾਂ ਦੇ ਸੀਜ਼ਨ ਵਿੱਚ ਖਾਧ ਪਦਾਰਥਾਂ ਦੇ ਵਿਕਰੇਤਾਵਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਸਾਫ਼-ਸੁਥਰੇ ਵਾਤਾਵਰਣ ਵਿੱਚ ਤਾਜ਼ੇ ਅਤੇ ਮਿਆਰੀ ਸਮੱਗਰੀ ਦੀ ਵਰਤੋਂ ਕਰਕੇ ਹੀ ਮਿਠਾਈਆਂ ਅਤੇ ਹੋਰ ਪਦਾਰਥ ਤਿਆਰ ਕਰਨ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬੇਮਿਆਰੀ ਜਾਂ ਗੈਰ-ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਖਾਣ-ਪੀਣ ਦੇ ਪਦਾਰਥਾਂ ਦੀ ਵਿਕਰੀ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਿਲਾ ਸਿਹਤ ਅਫ਼ਸਰ ਡਾ.ਜਤਿੰਦਰ ਭਾਟੀਆ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਦੌਰਾਨ ਸਿਰਫ਼ ਮਿਆਰੀ ਅਤੇ ਸਾਫ਼-ਸੁਥਰੇ ਦੁਕਾਨਾਂ ਤੋਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦਣ। ਖਾਣ-ਪੀਣ ਦਾ ਸਮਾਨ ਖਰੀਦਦਿਆਂ ਉਸ ਦੀ ਤਾਜ਼ਗੀ, ਪੈਕਿੰਗ ਤੇ ਮਿਆਦ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਗੈਰ-ਮਿਆਰੀ ਜਾਂ ਮਿਲਾਵਟੀ ਸਮਾਨ ਦੀ ਵਿਕਰੀ ਬਾਰੇ ਜਾਣਕਾਰੀ ਮਿਲੇ, ਤਾਂ ਉਹ ਤੁਰੰਤ ਫੂਡ ਸੇਫਟੀ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ।ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੌਕੇ ‘ਤੇ ਸਾਰੇ ਜ਼ਿਲਾ ਵਾਸੀ ਸੁਰੱਖਿਅਤ ਤੇ ਸਿਹਤਮੰਦ ਖੁਰਾਕ ਵਰਤਣ ਲਈ ਜਾਗਰੂਕ ਰਹਿਣ, ਤਾਂ ਜੋ ਕਿਸੇ ਤਰ੍ਹਾਂ ਦੀ ਬਿਮਾਰੀ ਜਾਂ ਖੁਰਾਕ ਨਾਲ ਸੰਬੰਧਿਤ ਸਮੱਸਿਆ ਤੋਂ ਬਚਿਆ ਜਾ ਸਕੇ।