ਪੰਜਾਬ ‘ਚ ਵਾਹਨ ਸਕ੍ਰੈਪ ਕਰਵਾਉਣ ‘ਚ ਨਹੀਂ ਹੋਵੇਗੀ ਪਰੇਸ਼ਾਨੀ, ਹਰ ਜ਼ਿਲ੍ਹੇ ‘ਚ ਖੋਲ੍ਹੇ ਜਾਣਗੇ ਕਲੈਕਸ਼ਨ ਸਕ੍ਰੈਪ ਸੈਂਟਰ

ਚੰਡੀਗੜ੍ਹ (TLT) ਸੂਬੇ ਦੇ ਲੋਕਾਂ ਨੂੰ ਹੁਣ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਵਿਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜਾਣਕਾਰੀ ਦੇ ਅਨੁਸਾਰ, ਹਰ ਜ਼ਿਲੇ ਵਿਚ ਵਾਹਨਾਂ ਦੇ ਸਕ੍ਰੈਪ ਲਈ ਕਲੇਕਸ਼ਨ ਸਕ੍ਰੈਪ ਸੈਂਟਰ ਖੋਲ੍ਹੇ ਜਾਣਗੇ। ਲਗਪਗ 20 ਨਵੇਂ ਕਲੇਕਸ਼ਨ ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ।

ਜੇਕਰ ਨਵੇਂ ਖੋਲ੍ਹੇ ਜਾਣ ਵਾਲੇ ਕਲੇਕਸ਼ਨ ਸੈਂਟਰਾਂ ਦਾ ਰਿਸਪਾਂਸ ਚੰਗਾ ਰਿਹਾ ਤਾਂ ਇਨ੍ਹਾਂ ਦੀ ਗਿਣਤੀ ‘ਚ ਵਾਧਾ ਕੀਤਾ ਜਾਵੇਗਾ। ਹੁਣ ਤਕ ਮੋਹਾਲੀ, ਪਟਿਆਲਾ ਤੇ ਮਾਨਸਾ ‘ਚ ਸਕ੍ਰੈਪ ਸੈਂਟਰ ਚੱਲ ਰਹੇ ਹਨ। ਪੁਰਾਣੇ ਵਾਹਨ ਨੂੰ ਸਕ੍ਰੈਪ ਕਰਨ ਤੋਂ ਬਾਅਦ ਨਵੇਂ ਇਲੈਕਟ੍ਰਿਕ ਵਾਹਨ ਖਰੀਦਣ ‘ਤੇ ਰਜਿਸਟ੍ਰੇਸ਼ਨ ਫੀਸ ਅਤੇ ਮੋਟਰ ਵਾਹਨ ਟੈਕਸ ‘ਚ ਛੂਟ ਦਿੱਤੀ ਜਾ ਰਹੀ ਹੈ।

ਹੁਣ ਤਕ ਜਿਹੜੇ ਸਕ੍ਰੈਪ ਸੈਂਟਰ ਚੱਲ ਰਹੇ ਹਨ, ਉਨ੍ਹਾਂ ਨਾਲ ਅੱਠ ਜ਼ਿਲ੍ਹਿਆਂ ਦੇ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ, ਜਿਨ੍ਹਾਂ ਵਿਚ ਮੋਹਾਲੀ, ਪਟਿਆਲਾ, ਮਾਨਸਾ, ਫਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਬਠਿੰਡਾ ਤੇ ਮੁਕਤਸਰ ਸਾਹਿਬ ਸ਼ਾਮਲ ਹਨ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਨੂੰ ਵੀ ਵਾਹਨ ਸਕ੍ਰੈਪ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਸੈਂਟਰ ਖੋਲ੍ਹੇ ਜਾਣਗੇ।

ਉਮੀਦ ਹੈ ਕਿ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 20 ਨਵੇਂ ਕਲੈਕਸ਼ਨ ਸੈਂਟਰ ਖੋਲ੍ਹ ਦਿੱਤੇ ਜਾਣਗੇ। ਇਨ੍ਹਾਂ ਕਲੈਕਸ਼ਨ ਸੈਂਟਰਾਂ ਤੋਂ ਕੰਡਮ ਵਾਹਨਾਂ ਨੂੰ ਸਿੱਧਾ ਸਕ੍ਰੈਪ ਸੈਂਟਰਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ। ਮੋਰਿੰਡਾ ਤੇ ਲੁਧਿਆਣਾ ‘ਚ ਪਹਿਲਾਂ ਹੀ ਸਕ੍ਰੈਪਿੰਗ ਸੈਂਟਰ ਚੱਲ ਰਹੇ ਹਨ, ਪਰ ਸੈਂਟਰਾਂ ਦੀ ਘਾਟ ਕਾਰਨ ਇਨ੍ਹਾਂ ਦੋ ਸੈਂਟਰਾਂ ‘ਤੇ ਦਬਾਅ ਲਗਾਤਾਰ ਵਧ ਰਿਹਾ ਹੈ।

ਸੂਬੇ ‘ਚ ਪਿਛਲੇ ਕੁਝ ਸਾਲਾਂ ਤੋਂ ਵਾਹਨਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਹੁਣ ਤੱਕ 1.39 ਕਰੋੜ ਤੋਂ ਵੱਧ ਵਾਹਨ ਰਜਿਸਟਰਡ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਾਹਨ 12 ਤੋਂ 15 ਸਾਲ ਪਹਿਲਾਂ ਰਜਿਸਟਰਡ ਹੋਏ ਸਨ। ਇਹੀ ਕਾਰਨ ਹੈ ਕਿ ਵਾਹਨਾਂ ਦੀ ਸਕ੍ਰੈਪ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।