TLT NEWS/ਬਠਿੰਡਾ: ਸੂਬੇ ’ਚ ਸਮਰਥਨ ਮੁੱਲ ਤੇ ਝੋਨਾ ਵਿਕਣ ਕਾਰਨ ਕੁੱਝ ਆੜਤੀਆਂ ਅਤੇ ਵਪਾਰੀਆਂ ਵੱਲੋਂ ਬਾਹਰਲੇ ਸੂਬਿਆਂ ਰਾਜਸਥਾਨ, ਯੂਪੀ ਤੇ ਮੱਧ ਪ੍ਰਦੇਸ਼ ਆਦਿ ਤੋਂ ਦੋ ਨੰਬਰ ’ਚ ਚੋਰ–ਮੋਰੀਆਂ ਰਾਹੀ ਲਿਆ ਕੇ ਜਿੱਥੇ ਚੋਖਾਂ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਉਥੇ ਝੋਨੇ ਦੀ ਪੈਦਾਵਾਰ ’ਚ ਵਾਧਾ ਕਰਕੇ ਸੂਬੇ ਨੂੰ ਵੀ ਢਾਹ ਲਾਈ ਜਾ ਰਹੀ ਹੈ, ਇਸ ਨੂੰ ਲੈ ਕੇ ਸੂਬਾ ਸਰਕਾਰ ਸ਼ਖਤ ਵਿਖਾਈ ਦੇ ਰਹੀ ਹੈ। ਮਾਰਕਿਟ ਕਮੇਟੀ ਸੰਗਤ ਦੇ ਚੇਅਰਮੈਨ ਲਖਵੀਰ ਸਿੰਘ ਮਾਨ ਵਾਸੀ ਜੈ ਸਿੰਘ ਵਾਲਾ ਵੱਲੋਂ ਮਾਰਕਿਟ ਕਮੇਟੀ ਅਮਲੇ ਨੂੰ ਨਾਲ ਲੈ ਕੇ ਸੰਗਤ ਮੰਡੀ ਦੇ ਅੱਧੀ ਦਰਜ਼ਨ ਤੋਂ ਜ਼ਿਆਦਾ ਫੜ੍ਹਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਕ ਦੋ ਫੜ੍ਹਾਂ ਤੇ ਸ਼ੱਕੀ ਝੋਨਾ ਪਾਇਆ ਗਿਆ ਜਿਸ ਦੇ ਸਬੰਧਤ ਆੜਤੀਆਂ ਨੂੰ ਸਬੂਤ ਦੇਣ ਲਈ ਕਿਹਾ ਗਿਆ ਹੈ, ਜੇਕਰ ਆੜਤੀਆਂ ਵੱਲੋਂ 24 ਘੰਟਿਆਂ ’ਚ ਫੜ੍ਹਾਂ ’ਚ ਪਏ ਝੋਨੇ ਦਾ ਸਬੂਤ ਨਾ ਦਿੱਤਾ, ਤਾਂ ਕਮੇਟੀ ਵੱਲੋਂ ਉਕਤ ਆੜ੍ਹਤੀਆਂ ਖਿਲਾਫ਼ ਕਾਰਵਾਈ ਕਰਕੇ ਜੁਰਮਾਨੇ ਦੇ ਨਾਲ–ਨਾਲ ਉਨ੍ਹਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾ ਸਕਦਾ ਹੈ।ਜਾਣਕਾਰੀ ਅਨੁਸਾਰ ਸੰਗਤ ਮੰਡੀ ਹਰਿਆਣਾ ਸਰਹੱਦ ਨਾਲ ਲੱਗਦੀ ਹੋਣ ਕਾਰਨ ਬਾਹਰਲੇ ਸੂਬਿਆਂ ਤੋਂ ਦੂਸਰੇ ਸ਼ਹਿਰਾਂ ਦੇ ਮੁਕਾਬਲੇ ਇਥੇ ਝੋਨਾ ਲਿਆਉਣਾ ਸੌਖਾ ਹੁੰਦਾ ਹੈ। ਭਾਰਤ ਮਾਲਾ ਸੜਕ ਬਣਨ ਤੋਂ ਪਹਿਲਾ ਮਾਰਕਿਟ ਕਮੇਟੀ ਵੱਲੋਂ ਬਾਹਰੀ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਫੜ੍ਹਨ ਲਈ ਪਿੰਡ ਡੂੰਮਵਾਲੀ ਵਿਖੇ ਨਾਕੇਬੰਦੀ ਕੀਤੀ ਹੁੰਦੀ ਸੀ, ਪ੍ਰੰਤੂ ਹੁਣ ਭਾਰਤ ਮਾਲਾ ਸੜਕ ਦੇ ਬਣ ਜਾਣ ਕਾਰਨ ਝੋਨਾ ਬਾਈਪਾਸ ਰਾਹੀ ਅਸਾਨੀ ਨਾਲ ਸੂਬੇ ’ਚ ਦਾਖਲ ਹੋ ਜਾਂਦਾ ਹੈ। ਭਾਰਤ ਮਾਲਾ ਸੜਕ ਦੇ ਅਧਿਕਾਰੀਆਂ ਵੱਲੋਂ ਮਾਰਕਿਟ ਕਮੇਟੀ ਨੂੰ ਸੜਕ ’ਤੇ ਨਾਕੇਬੰਦੀ ਕਰਨ ਦੀ ਹਾਲੇ ਤਕ ਇਜਾਜ਼ਤ ਵੀ ਨਹੀਂ ਦਿੱਤੀ ਗਈ। ਹਾਲੇ ਤਕ ਭਾਰਤ ਮਾਲਾ ’ਤੇ ਟੋਲ ਵੀ ਨਹੀਂ ਲਗਾਇਆ ਗਿਆ ਜਿਸ ਕਾਰਨ ਕੋਈ ਵੀ ਵਾਹਨ ਚੈੱਕ ਹੋਣ ਤੋਂ ਬਿਨ੍ਹਾਂ ਅਸਾਨੀ ਨਾਲ ਪੰਜਾਬ ’ਚ ਦਾਖਲ ਹੋ ਜਾਂਦਾ ਹੈ।
ਸੰਗਤ ਮੰਡੀ ’ਚ ਛੋਟੀ ਮੰਡੀ ਹੋਣ ਕਾਰਨ ਆੜ੍ਹਤੀਆਂ ਵੱਲੋਂ ਅਲੱਗ–ਅਲੱਗ ਥਾਵਾਂ ’ਤੇ ਆਪਣੇ ਨਿਜੀ 38 ਫੜ੍ਹ ਬਣਾਏ ਗਏ ਹਨ ਜਿੱਥੇ ਕਿਸਾਨਾਂ ਵੱਲੋਂ ਝੋਨਾ ਉਤਾਰ ਕੇ ਵੇਚਿਆ ਜਾਂਦਾ ਹੈ, ਇਨ੍ਹਾਂ ਫੜ੍ਹਾਂ ’ਤੇ ਵੱਡੀਆਂ–ਵੱਡੀਆਂ ਕੰਧਾਂ ਕੱਢ ਕੇ ਅੱਗੇ ਗੇਟ ਲੱਗੇ ਹੋਏ ਹਨ, ਜਿਸ ਕਾਰਨ ਬਾਹਰ ਇਹ ਪਤਾ ਨਹੀਂ ਲੱਗਦਾ ਕਿ ਝੋਨਾ ਕਿੱਥੋ ਆਇਆ ਤੇ ਕਿਹੜਾ ਕਿਸਾਨ ਵੇਚ ਰਿਹਾ ਹੈ। ਅੱਜ ਮਾਰਕਿਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ ਮਾਨ ਵੱਲੋਂ ਸਕੱਤਰ ਜਗਜੀਵਨ ਸਿੰਘ ਤੇ ਏਆਰ ਮਨਚੰਦਨਦੀਪ ਸਿੰਘ ਸਿੱਧੂ ਨੂੰ ਨਾਲ ਲੈ ਕੇ ਅੱਧੀ ਦਰਜਨ ਆੜਤੀਆਂ ਦੇ ਫੜ੍ਹਾਂ ’ਚ ਵਿਕਣ ਲਈ ਪਏ ਝੋਨੇ ਦੀ ਜਾਂਚ ਕੀਤੀ ਗਈ, ਇਸ ਦੌਰਾਨ ਇਕ ਦੋ ਆੜ੍ਹਤੀਆਂ ਦੇ ਫੜ੍ਹਾਂ ’ਚ ਪਿਆ ਝੋਨਾ ਸ਼ੱਕੀ ਹਾਲਾਤ ’ਚ ਪਾਇਆ ਗਿਆ ਜਿਸ ਦਾ ਆੜ੍ਹਤੀਆਂ ਵੱਲੋਂ ਕੋਈ ਵੀ ਤਸੱਲੀਬਖਸ਼ ਜੁਆਬ ਨਹੀਂ ਦਿੱਤਾ ਗਿਆ। ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਨੂੰ ਇਸ ਝੋਨੇ ਸਬੰਧੀ ਸਬੂਤ ਦੇਣ ਲਈ ਕਿਹਾ ਗਿਆ ਹੈ, ਜੇਕਰ ਆੜ੍ਹਤੀਆਂ ਵੱਲੋਂ ਤਸੱਲੀਬਖਸ਼ ਸਬੂਤ ਨਾ ਦਿੱਤਾ ਗਿਆ ਤਾਂ ਉਨ੍ਹਾਂ ਖਿਲਾਫ਼ ਕਾਰਵਾਈ ਕਰਦਿਆਂ ਜੁਰਮਾਨੇ ਸਮੇਤ ਫਰਮ ਦਾ ਲਾਇਸੰਸ ਕੈਂਸਲ ਕਰ ਦਿੱਤਾ ਜਾਵੇਗਾ। ਕਿਸਾਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਪਹਿਲੀ ਸਰਕਾਰ ਹੈ ਜਿਸ ’ਚ ਇਸ ਕਦਰ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ ਨੂੰ ਰੋਕਣ ਲਈ ਇਸ ਤਰ੍ਹਾਂ ਦੀ ਸ਼ਖਤੀ ਕੀਤੀ ਗਈ ਹੈ।ਦੂਸਰੀਆਂ ਸਰਕਾਰਾਂ ਦੇ ਰਾਜ ’ਚ ਇਸ ਤਰ੍ਹਾਂ ਨਹੀਂ ਹੁੰਦਾ ਸੀ।ਉਨ੍ਹਾਂ ਚੇਅਰਮੈਨ ਲਖਵੀਰ ਸਿੰਘ ਮਾਨ ਦੇ ਇਸ ਕਾਰਜ਼ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਇਮਾਨਦਾਰੀ ਤੇ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ।
ਮਾਰਕਿਟ ਕਮੇਟੀ ਚੇਅਰਮੈਨ ਲਖਵੀਰ ਸਿੰਘ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਇਹ ਹੁਕਮ ਦਿੱਤੇ ਗਏ ਹਨ ਕਿ ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ਵਾਲੇ ਵਪਾਰੀਆਂ ਜਾ ਆੜ੍ਹਤੀਆਂ ’ਤੇ ਨੱਥ ਪਾਈ ਜਾਵੇ। ਬਾਹਰਲੇ ਸੂਬਿਆਂ ਤੋਂ ਝੋਨਾ ਲਿਆ ਕੇ ਪੰਜਾਬ ਦੀ ਪੈਦਾਵਾਰ ਵਧਾ ਕੇ ਸੂਬੇ ਨੂੰ ਜਿੱਥੇ ਢਾਹ ਲੱਗੇਗੀ ਉਥੇ ਕਿਸਾਨਾਂ ਦਾ ਵੀ ਨੁਕਸਾਨ ਹੋਵੇਗਾ।ਇਸੇ ਮਕਸਦ ਨਾਲ ਹੀ ਸੰਗਤ ਮੰਡੀ ਦੇ ਫੜ੍ਹਾਂ ਦੀ ਚੈਕਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਬਾਹਰੋ ਝੋਨਾ ਲਿਆਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸਿ਼ਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਸਕੱਤਰ ਜਗਜੀਵਨ ਸਿੰਘ, ਏਆਰ ਮਨਚੰਦਨਦੀਪ ਸਿੱਧੂ, ਤਰਸੇਮ ਪਥਰਾਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਕੋਟਗੁਰੂ ਤੇ ਮਨਜੀਤ ਸਿੰਘ ਬਾਂਡੀ ਮੌਜੂਦ ਸਨ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ