‘ਮੇਰਾ ਵਿਰੋਧ ਹੋ ਸਕੇ, ਇਸਲਈ…’, ਕਿਸਾਨ ਅੰਦੋਲਨ ‘ਚ ਬਜ਼ੁਰਗ ‘ਤੇ ਟਿੱਪਣੀ ਕਰਨ ‘ਤੇ ਅਦਾਲਤ ‘ਚ ਕੀ ਬੋਲੀ ਕੰਗਨਾ ?

TLT NEWS/ ਬਠਿੰਡਾ : ਹਿਮਾਚਲ ਦੀ ਮੰਡੀ ਸੀਟ ਤੋਂ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਸੋਮਵਾਰ ਨੂੰ ਬਠਿੰਡਾ ਕੋਰਟ ‘ਚ ਪੇਸ਼ ਹੋਈ। ਕੰਗਨਾ ਦੀ ਪੇਸ਼ੀ ਦੌਰਾਨ ਕੋਰਟ ਕੰਪਲੈਕਸ ਦੇ ਆਸ-ਪਾਸ ਸੁਰੱਖਿਆ ਵਧਾ ਦਿੱਤੀ ਗਈ। ਸਵੇਰ ਤੋਂ ਹੀ ਇੱਥੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਸੀ। ਇਸ ਦੌਰਾਨ, ਕੋਰਟ ‘ਚ ਕੰਗਨਾ ਨੇ ਇਸ ਮਾਮਲੇ ‘ਤੇ ਆਪਣੀ ਸਫਾਈ ਵੀ ਦਿੱਤੀ।

ਕੰਗਨਾ ਨੇ ਕੋਰਟ ‘ਚ ਪੇਸ਼ੀ ਤੋਂ ਬਾਅਦ ਕਿਹਾ ਕਿ ਉਸ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਸ ਨੂੰ ਇਕ ਵਿਵਾਦ ਬਣਾਇਆ ਗਿਆ ਹੈ ਤਾਂ ਜੋ ਉਨ੍ਹਾਂ ਦਾ ਪੰਜਾਬ ‘ਚ ਵਿਰੋਧ ਹੋ ਸਕੇ। ਉਸ ਨੇ ਬਜ਼ੁਰਗ ਔਰਤ ਮਹਿੰਦਰ ਕੌਰ ਦੇ ਪਤੀ ਨਾਲ ਵੀ ਗੱਲ ਕੀਤੀ ਹੈ, ਜੇਕਰ ਉਨ੍ਹਾਂ ਨੂੰ ਕੋਈ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਆਪਣੀਆਂ ਸੰਵੇਦਨਾਵਾਂ ਜ਼ਾਹਿਰ ਕਰਦੇ ਹਨ।

ਕੰਗਨਾ ਨੇ ਕਿਹਾ ਕਿ ਉਹ ਪੰਜਾਬ ਦੀਆਂ ਔਰਤਾਂ ਦੀ ਇੱਜ਼ਦ ਕਰਦੀ ਹੈ ਤੇ ਕਿਸਾਨ ਅੰਦੋਲਨ ਦੌਰਾਨ ਐਸੇ ਵਿਵਾਦ ਪੈਦਾ ਕਰ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਹ ਗੱਲ ਉਨ੍ਹਾਂ ਮੈਜਿਸਟਰੇਟ ਨੂੰ ਵੀ ਦੱਸੀ।

ਕਿਸਾਨ ਆੰਦੋਲਨ ਦੌਰਾਨ ਕੀਤੀ ਸੀ ਟਿੱਪਣੀ

ਕਿਸਾਨ ਆੰਦੋਲਨ ਦੌਰਾਨ ਕੰਗਨਾ ਰਣੌਤ ਨੇ 80 ਸਾਲਾ ਇਕ ਬਜ਼ੁਰਗ ਕਿਸਾਨ ਬੀਬੀ ਉੱਤੇ ਟਿੱਪਣੀ ਕੀਤੀ ਸੀ। ਐਕਸ ‘ਤੇ ਇਕ ਪੋਸਟ ਕਰਦਿਆਂ, ਕੰਗਨਾ ਨੇ ਪੰਜਾਬ ਦੀ 80 ਸਾਲਾ ਬਜ਼ੁਰਗ ਕਿਸਾਨ ਬੀਬੀ ਨੂੰ ਬਿਲਕਿਸ ਬਾਨੋ ਦੱਸਿਆ ਸੀ। ਕੰਗਨਾ ਨੇ ਜਿਸ 80 ਸਾਲਾ ਬੁਜ਼ੁਰਗ ਔਰਤ ਦੀ ਤਸਵੀਰ ਪੋਸਟ ਕੀਤੀ ਸੀ, ਉਹ ਮੋਹਿੰਦਰ ਕੌਰ ਸਨ। ਉਸ ਸਮੇਂ ਕੰਗਨਾ ਨੇ ਐਕਸ ਅਕਾਊਂਟ ‘ਤੇ ਲਿਖਿਆ…

ਕੰਗਨਾ ਨੇ ਮੋਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝਣ ਦੀ ਗਲਤੀ ਕਰਦਿਆਂ ਲਿਖਿਆ, “ਹਾਂ ਹਾਂ, ਇਹ ਉਹੀ ਦਾਦੀ ਹਨ ਜਿਨ੍ਹਾਂ ਨੂੰ ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ ਤੇ ਇਹ 100 ਰੁਪਏ ‘ਚ ਉਪਲਬਧ ਹਨ।”

ਗੌਰਤਲਬ ਹੈ ਕਿ ਬਾਅਦ ਵਿਚ ਕੰਗਨਾ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।