ਰਿਸ਼ਵਤਖੋਰ ਸਾਬਕਾ DIG ਐਚਐਸ ਭੁੱਲਰ ਮੁੜ 5 ਦਿਨਾਂ ਦੇ CBI ਰਿਮਾਂਡ ‘ਤੇ, ਵਿਚੋਲੀਏ ਕ੍ਰਿਸ਼ਣੂ ਨੂੰ ਭੇਜਿਆ ਗਿਆ ਜੇਲ੍ਹ

TLT NEWS/EX DIG Bhullar Bribe Case: ਪੰਜਾਬ ਦੇ ਸਸਪੈਂਡੇਡ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਮੁੜ ਤੋਂ 5 ਦਿਨ ਦੀ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਸੀਬੀਆਈ ਕੋਰਟ ਵਿੱਚ ਇਹ ਸੁਣਵਾਈ ਭੁੱਲਰ ਦੇ 5 ਦਿਨਾਂ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਹੋਈ। ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਭੁੱਲਰ ਦੇ ਵਕੀਲ ਦਿਨ ਵਿੱਚ ਇੱਕ ਘੰਟਾ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਉਸਨੂੰ ਮਿਲ ਸਕਦੇ ਹਨ। ਭੁੱਲਰ ਦੇ ਨਾਲ ਹੀ ਉਸਦੇ ਵਿਚੋਲੇ ਕ੍ਰਿਸ਼ਨੂੰ ਨੂੰ ਵੀ ਲਿਆਂਦਾ ਗਿਆ ਸੀ। ਅਦਾਲਤ ਨੇ ਕ੍ਰਿਸ਼ਨੂੰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।

ਸੁਣਵਾਈ ਦੌਰਾਨ, ਡੀਆਈਜੀ ਦੇ ਵਕੀਲ ਐਚਐਸ ਧਨੋਆ ਨੇ ਕਿਹਾ ਕਿ ਸੀਬੀਆਈ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੀ, ਇਹ ਗ੍ਰਿਫ਼ਤਾਰੀ ਗੈਰ-ਕਾਨੂੰਨੀ ਹੈ। ਉਨ੍ਹਾਂ ਨੇ ਰਿਮਾਂਡ ਦਾ ਵਿਰੋਧ ਕੀਤਾ। ਭੁੱਲਰ ਦੇ ਵਕੀਲ ਧਨੋਆ ਨੇ ਕਿਹਾ ਕਿ ਜਦੋਂ ਜੇਕਰ ਸੀਬੀਆਈ ਪੰਜਾਬ ਵਿੱਚ ਦਾਖਲ ਨਹੀਂ ਹੋ ਸਕਦੀ ਤਾਂ ਉਸਨੇ ਭੁੱਲਰ ਨੂੰ ਕਿਵੇਂ ਗ੍ਰਿਫ਼ਤਾਰ ਕੀਤਾ। ਸੀਬੀਆਈ ਨੂੰ ਪਹਿਲਾਂ ਇਸ ਬਾਰੇ ਪੰਜਾਬ ਸਰਕਾਰ ਨੂੰ ਸੂਚਿਤ ਕਰਨਾ ਚਾਹੀਦਾ ਸੀ ਕਿਉਂਕਿ ਸ਼ਿਕਾਇਤਕਰਤਾ ਪੰਜਾਬ ਦਾ ਡੀਆਈਜੀ ਹੈ। ਇਹ ਪੰਜਾਬ ਦਾ ਮਾਮਲਾ ਹੈ। ਸੀਬੀਆਈ ਨੇ ਡੀਆਈਜੀ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਕੀਤੀ ਹੈ।

ਸੀਬੀਆਈ ਨੇ ਡੀਆਈਜੀ ਭੁੱਲਰ ਵਿਰੁੱਧ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਸੀ, ਤਾਂ ਜਾਇਦਾਦ ਨਾਲ ਸਬੰਧਤ ਦਸਤਾਵੇਜ਼, ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਬਹੁਤ ਸਾਰੇ ਸਬੂਤ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਉਸਦੇ ਘਰ ਛਾਪਾ ਮਾਰ ਕੇ ਨਕਦੀ ਅਤੇ ਗਹਿਣੇ ਬਰਾਮਦ ਕੀਤੇ। ਪੰਜਾਬ ਵਿਜੀਲੈਂਸ ਨੇ ਮੋਹਾਲੀ ਸੀਜੇਐਮ ਅਦਾਲਤ ਵਿੱਚ 2 ਘੰਟੇ ਪੁੱਛਗਿੱਛ ਲਈ ਇਜਾਜ਼ਤ ਲਈ ਸੀ। ਉਸ ਤੋਂ ਬਾਅਦ, ਜਦੋਂ ਦੁਬਾਰਾ ਪ੍ਰੋਡਕਸ਼ਨ ਵਾਰੰਟ ਲਈ ਅਰਜ਼ੀ ਦਿੱਤੀ ਗਈ, ਤਾਂ ਸੀਬੀਆਈ ਨੇ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪ੍ਰੋਡਕਸ਼ਨ ਵਾਰੰਟ ਲਈ ਅਰਜ਼ੀ ਦਾਇਰ ਕੀਤੀ। ਜੇਕਰ ਕੋਈ ਰਿਸ਼ਵਤ ਮੰਗਦਾ ਹੈ, ਭਾਵੇਂ ਉਹ ਕੋਈ ਵੀ ਹੋਵੇ- ਸੀਨੀਅਰ ਜਾਂ ਜੂਨੀਅਰ ਅਧਿਕਾਰੀ, ਅਤੇ ਭਾਵੇਂ ਉਹ ਕਿਸੇ ਵੀ ਰਾਜ ਤੋਂ ਹੋਵੇ—ਸੀਬੀਆਈ ਕੋਲ ਅਧਿਕਾਰ ਹੈ ਕਿ ਉਹ ਉਸਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਵਿਭਾਗ ਕੁਝ ਨਾ ਕਰੇ ਤਾਂ ਇਸਦਾ ਇਹ ਮਤਲਬ ਨਹੀਂ ਹੈ ਕਿ ਸੀਬੀਆਈ ਵੀ ਕੁਝ ਨਾ ਕਰੇ।

ਦੋ ਮਹੀਨਿਆਂ ਵਿੱਚ ਖਾਤੇ ‘ਚ ਆਏ 32 ਲੱਖ ਰੁਪਏ – ਸੀਬੀਆਈ

ਸੀਬੀਆਈ ਦੇ ਵਕੀਲ ਨੇ ਕਿਹਾ ਕਿ ਡੀਆਈਜੀ ਭੁੱਲਰ ਦੀ ਪਹਿਲੀ ਪੋਸਟਿੰਗ ਕਿੱਥੇ ਸੀ, ਉਸ ਸਮੇਂ ਉਸਦੀ ਤਨਖਾਹ ਕਿੰਨੀ ਸੀ, ਉਸ ਸਮੇਂ ਉਸਦੀ ਕਿੰਨੀ ਜਾਇਦਾਦ ਸੀ, ਅਤੇ ਹੁਣ ਉਸਦੀ ਕਿੰਨੀ ਜਾਇਦਾਦ ਹੈ, ਇਸ ਸਭ ਦੀ ਜਾਂਚ ਕੀਤੀ ਜਾ ਰਹੀ ਹੈ। ਡੀਆਈਜੀ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਸੀਬੀਆਈ ਨੇ ਉਸ ਦੀ ਬੈਂਕ ਸਟੇਟਮੈਂਟਸ ਦੀ ਜਾਂਚ ਕੀਤੀ, ਜਿਸ ਵਿੱਚ ਚੰਡੀਗੜ੍ਹ ਦੇ ਸੈਕਟਰ 9 ਵਿੱਚ ਉਸਦਾ ਸੈਲਰੀ ਅਕਾਉਂਟ ਵੀ ਸ਼ਾਮਲ ਸੀ। ਇਸ ਤੋਂ ਪਤਾ ਲੱਗਾ ਕਿ ਉਸਨੂੰ ਅਗਸਤ-ਸਤੰਬਰ ਵਿੱਚ ਦੋ ਮਹੀਨਿਆਂ ਦੇ ਅੰਦਰ ₹32 ਲੱਖ ਪ੍ਰਾਪਤ ਹੋਏ। ਇਹ ਰਕਮ ਕਿੱਥੋਂ ਆਈ।

ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤ ਮਾਮਲੇ ਵਿੱਚ ਸੀਬੀਆਈ ਜਾਂਚ ਦੌਰਾਨ ਹੋਏ ਖੁਲਾਸੇ ਨੇ ਸੂਬੇ ਦੀ ਨੌਕਰਸ਼ਾਹੀ ਵਿੱਚ ਭਾਜੜਾਂ ਪਾ ਦਿੱਤੀਆਂ ਹਨ। ਸੀਬੀਆਈ ਜਾਂਚ ਟੀਮ ਦੇ ਉੱਚ ਸੂਤਰਾਂ ਅਨੁਸਾਰ, ਉਨ੍ਹਾਂ ਨੇ ਪੰਜਾਬ ਵਿੱਚ ਚਾਰ ਆਈਏਐਸ ਅਤੇ 10 ਆਈਪੀਐਸ ਅਧਿਕਾਰੀਆਂ ਦੇ ਨਾਂ ਪਤਾ ਲੱਗੇ ਹਨ, ਜਿੰਨਾਂ ਨੇ ਬਲੈਕ ਮਨੀ ਨੂੰ ਪ੍ਰਾਪਰਟੀ ਖਰੀਦਣ ਵਿੱਚ ਨਿਵੇਸ਼ ਕੀਤਾ ਸੀ।

10 IPS ਅਤੇ 4 IAS ਖਿਲਾਫ ਮਿਲੇ ਸਬੂਤ

ਸੂਤਰ ਦੱਸਦੇ ਹਨ ਕਿ ਜਦੋਂ ਸੀਬੀਆਈ ਭੁੱਲਰ ਨੂੰ 5 ਦਿਨਾਂ ਦੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਸੀ, ਤਾਂ ਉਨ੍ਹਾਂ ਨੇ ਕ੍ਰਿਸ਼ਨੂੰ ਸ਼ਾਰਦਾ ਦੇ ਸਾਹਮਣੇ ਉਸ ਤੋਂ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ ਤੋਂ ਮਹੱਤਵਪੂਰਨ ਸਬੂਤ ਮਿਲੇ। ਇਸ ਤੋਂ ਬਾਅਦ, ਪਟਿਆਲਾ ਵਿੱਚ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਸੀਬੀਆਈ ਨੇ ਕਈ ਦਸਤਾਵੇਜ਼ ਅਤੇ ਨਕਦੀ ਬਰਾਮਦ ਕੀਤੀ।

ਇਸ ਤੋਂ ਇਲਾਵਾ, ਸੀਬੀਆਈ ਕੋਲ ਛਾਪੇਮਾਰੀ ਤੋਂ ਪਹਿਲਾਂ ਦੇ ਸਬੂਤ ਵੀ ਸਨ, ਜਿਸ ਤੋਂ ਪਤਾ ਲੱਗਾ ਕਿ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਪੰਜਾਬ ਦੇ ਕਈ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਪੈਸੇ ਨੂੰ ਵਾਈਟ ਕਰਨ ਦਾ ਕੰਮ ਕਰਦਾ ਸੀ। ਸੀਬੀਆਈ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਭੁਪਿੰਦਰ ਨੇ ਪੰਜਾਬ ਵਿੱਚ 10 ਆਈਪੀਐਸ ਅਧਿਕਾਰੀਆਂ ਅਤੇ 4 ਆਈਏਐਸ ਅਧਿਕਾਰੀਆਂ ਦਾ ਪੈਸਾ ਲਗਾਇਆ ਸੀ। ਸੀਬੀਆਈ ਹੁਣ ਹੋਰ ਸਬੂਤ ਇਕੱਠੇ ਕਰ ਰਹੀ ਹੈ। ਸਾਰੇ ਸਬੂਤ ਅਤੇ ਦਸਤਾਵੇਜ਼ ਇਕੱਠੇ ਹੋਣ ਤੋਂ ਬਾਅ ਸੀਬੀਆਈ ਇਨ੍ਹਾਂ 14 ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਲਈ ਬੁਲਾ ਸਕਦੀ ਹੈ।