E-Passport ਦੀ ਹੋਈ ਸ਼ੁਰੂਆਤ, ਹੁਣ ਹੋਰ ਸਮਾਰਟ ਹੋਈ ਵਿਦੇਸ਼ ਯਾਤਰਾ; ਸਮਝੋ ਇਸ ਨੂੰ ਬਣਵਾਉਣ ਦਾ ਤਰੀਕਾ

 TLT NEWS/ ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਈ-ਪਾਸਪੋਰਟ (e-Passport) ਸਹੂਲਤ ਦੀ ਆਧਿਕਾਰਤ ਸ਼ੁਰੂਆਤ ਕਰ ਦਿੱਤੀ ਹੈ। ਇਹ ਨਵਾਂ ਪਾਸਪੋਰਟ ਦਿੱਖ ਵਿਚ ਪੁਰਾਣੇ ਪਾਸਪੋਰਟ ਵਾਂਗ ਹੀ ਹੈ, ਪਰ ਇਸ ਵਿਚ ਇਕ ਮਾਈਕ੍ਰੋ ਇਲੈਕਟ੍ਰਾਨਿਕ ਚਿਪ ਲੱਗੀ ਹੋਈ ਹੈ, ਜੋ ਇਸਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਰੱਖਿਅਤ, ਤੇਜ਼ ਤੇ ਸਮਾਰਟ ਬਣਾਉਂਦੀ ਹੈ।

ਕੀ ਹੈ ਈ-ਪਾਸਪੋਰਟ ਦੀ ਖਾਸੀਅਤ

ਈ-ਪਾਸਪੋਰਟ ‘ਚ ਲੱਗੀ ਚਿਪ ਵਿਚ ਧਾਰਕ ਦਾ ਨਾਮ, ਜਨਮਤਾਰੀਕ, ਪਤਾ, ਫੋਟੋ ਤੇ ਫਿੰਗਰਪ੍ਰਿੰਟ ਵਰਗੀਆਂ ਬਾਇਓਮੈਟ੍ਰਿਕ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ। ਇਹ ਡਾਟਾ ਡਿਜੀਟਲ ਰੂਪ ‘ਚ ਐਨਕ੍ਰਿਪਟ ਕੀਤਾ ਜਾਂਦਾ ਹੈ। ਇਸਨੂੰ ਕਿਸੇ ਵੀ ਤਰੀਕੇ ਨਾਲ ਬਦਲਿਆ ਜਾਂ ਡੁਪਲੀਕੇਟ ਨਹੀਂ ਕੀਤਾ ਜਾ ਸਕਦਾ। ਇਹੀ ਇਸਦੀ ਸਭ ਤੋਂ ਵੱਡੀ ਖਾਸੀਅਤ ਹੈ। ਇਸ ਨਾਲ ਪਾਸਪੋਰਟ ਦੇ ਫਰਜ਼ੀਵਾੜੇ ਤੇ ਪਛਾਣ ਚੋਰੀ ਵਰਗੀਆਂ ਘਟਨਾਵਾਂ ‘ਤੇ ਰੋਕ ਲੱਗੇਗੀ।

ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀ ਬਿਨਾਂ ਪਾਸਪੋਰਟ ਖੋਲ੍ਹੇ ਹੀ ਚਿਪ ਤੋਂ ਡਾਟਾ ਐਕਸੈਸ ਕਰ ਸਕਣਗੇ। ਇਸ ਨਾਲ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲੇਗਾ। ਜਾਂਚ ਪ੍ਰਕਿਰਿਆ ਕਾਫੀ ਤੇਜ਼ ਹੋ ਜਾਵੇਗੀ। ਇਹ ਪਾਸਪੋਰਟ ਅੰਤਰਰਾਸ਼ਟਰੀ ਬਾਇਓਮੈਟ੍ਰਿਕ ਸਿਸਟਮ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਗਲੋਬਲ ਸਟੈਂਡਰਡ ‘ਤੇ ਤਿਆਰ ਕੀਤਾ ਗਿਆ ਹੈ।

ਈ-ਪਾਸਪੋਰਟ ਬਣਵਾਉਣ ਦੀ ਪ੍ਰਕਿਰਿਆ

 

ਈ-ਪਾਸਪੋਰਟ ਬਣਵਾਉਣ ਦੀ ਪ੍ਰਕਿਰਿਆ ਪਹਿਲਾਂ ਵਾਂਗ ਹੀ ਰਹੇਗੀ। ਇਸ ਲਈ ਨਾਗਰਿਕਾਂ ਨੂੰ ਪਾਸਪੋਰਟ ਸੇਵਾ ਕੇਂਦਰ ਦੀ ਵੈਬਸਾਈਟ ‘ਤੇ ਜਾ ਕੇ ਨਵੀਂ ਅਰਜ਼ੀ ਦੇਣੀ ਪਵੇਗੀ। ਆਨਲਾਈਨ ਫਾਰਮ ਭਰ ਕੇ ਫੀਸ ਭੁਗਤਾਨ ਤੋਂ ਬਾਅਦ ਅਪੁਆਇੰਟਮੈਂਟ ਬੁੱਕ ਕਰਨੀ ਹੋਵੇਗੀ। ਅਪੁਆਇੰਟਮੈਂਟ ਵਾਲੇ ਦਿਨ ਸਾਰੇ ਮੁਢਲੇ ਦਸਤਾਵੇਜ਼ ਤੇ ਉਨ੍ਹਾਂ ਦੀਆਂ ਕਾਪੀਆਂ ਲੈ ਕੇ ਪਾਸਪੋਰਟ ਕੇਂਦਰ ਪਹੁੰਚਣਾ ਹੋਵੇਗਾ।

ਉੱਥੇ ਬਾਇਓਮੈਟ੍ਰਿਕ ਸਕੈਨ ਅਤੇ ਦਸਤਾਵੇਜ਼ ਵੈਰੀਫਿਕੇਸ਼ਨ ਹੋਵੇਗੀ ਜਿਸ ਤੋਂ ਬਾਅਦ ਪੁਲਿਸ ਤਸਦੀਕ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਸਭ ਕੁਝ ਠੀਕ ਪਾਏ ਜਾਣ ‘ਤੇ ਈ-ਪਾਸਪੋਰਟ ਤਿਆਰ ਕਰ ਕੇ ਸਪੀਡ ਪੋਸਟ ਰਾਹੀਂ ਘਰ ਭੇਜ ਦਿੱਤਾ ਜਾਵੇਗਾ।

 

ਕਿਉਂ ਖਾਸ ਹੈ ਇਹ ਤਕਨਾਲੋਜੀ

 

ਈ-ਪਾਸਪੋਰਟ ‘ਚ ਲੱਗੀ ਐਨਕ੍ਰਿਪਟਿਡ ਚਿਪ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਡੇਟਾ ਪ੍ਰੋਟੈਕਸ਼ਨ ਅਤੇ ਯਾਤਰਾ ਸਹੂਲਤ ਦੋਹਾਂ ਨੂੰ ਵਧਾਉਂਦੀ ਹੈ। ਇਸ ਨਾਲ ਭਾਰਤ ਹੁਣ ਉਨ੍ਹਾਂ ਦੇਸ਼ਾਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਿਆ ਹੈ, ਜੋ ਸਮਾਰਟ ਤੇ ਸੁਰੱਖਿਅਤ ਯਾਤਰਾ ਦਸਤਾਵੇਜ਼ ਪ੍ਰਦਾਨ ਕਰਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ‘ਚ ਇਹ ਤਕਨਾਲੋਜੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਟੋਮੇਟਿਡ ਤੇ ਪੇਪਰਲੈੱਸ ਬਣਾ ਦੇਵੇਗੀ, ਜਿਸ ਨਾਲ ਯਾਤਰੀਆਂ ਦੀ ਯਾਤਰਾ ਪਹਿਲਾਂ ਤੋਂ ਬਹੁਤ ਆਸਾਨ ਅਤੇ ਸੁਰੱਖਿਅਤ ਹੋ ਜਾਵੇਗੀ।