ਜਲੰਧਰ, (ਰਮੇਸ਼ ਗਾਬਾ) ਜਲੰਧਰ ਦੀ ਇਸ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਸਣੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਾਬਾਲਿਗ ਬੱਚੀ ਨਾਲ ਦਰਿੰਦਗੀ ਦੀ ਕੋਸ਼ਿਸ਼ ਅਤੇ ਫਿਰ ਉਸਦੀ ਹੱਤਿਆ ਦੇ ਮਾਮਲੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸੰਸਕਾਰ ਤੋਂ ਬਾਅਦ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮਿਲ ਕੇ ਗਹਿਰਾ ਦੁੱਖ ਪ੍ਰਗਟਾਇਆ। ਇਸ ਦੌਰਾਨ, ਲੜਕੀ ਦੇ ਮਾਮੇ ਚਰਨਪ੍ਰੀਤ ਸਿੰਘ ਅਤੇ ਭਰਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ-ਕੈਬਨਿਟ ਮੰਤਰੀ
ਮੰਤਰੀ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਨਾ ਸਿਰਫ਼ ਪੂਰਾ ਜਲੰਧਰ, ਬਲਕਿ ਇਹ ਖ਼ਬਰ ਸੁਣਨ ਵਾਲਾ ਹਰ ਇਨਸਾਨ ਬਹੁਤ ਦੁੱਖੀ ਹੈ। ਪਰਿਵਾਰ ਨੇ ਵੀ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ। ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਯਕੀਨੀ ਬਣਾਉਣ ਲਈ ਸਿਫ਼ਾਰਸ਼ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਿਨੌਣੀ ਕਰਤੂਤ ਕੋਈ ਹੋਰ ਨਾ ਕਰ ਸਕੇ, ਇਸ ਲਈ ਸਰਕਾਰ ਇਹ ਕੇਸ ਫਾਸਟ-ਟ੍ਰੈਕ ਅਦਾਲਤ ਵਿੱਚ ਭੇਜਣ ਦੀ ਸਿਫ਼ਾਰਸ਼ ਕਰੇਗੀ ਅਤੇ ਫਾਂਸੀ ਦੀ ਸਜ਼ਾ ਦੀ ਮੰਗ ਕਰੇਗੀ।
ਮੰਤਰੀ ਭਗਤ ਨੇ ਕਿਹਾ ਕਿ ਇਹ ਘਟਨਾ ਪੂਰੇ ਜਲੰਧਰ ਲਈ ਸ਼ਰਮਨਾਕ ਹੈ। ਇਹ ਚਿੰਤਾ ਦੀ ਗੱਲ ਹੈ ਕਿ ਅੱਜਕੱਲ ਬੱਚੇ ਆਪਣੇ ਘਰਾਂ ਅਤੇ ਗਲੀ-ਮੁਹੱਲਿਆਂ ਵਿੱਚ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਾਰੀ ਦੁਨੀਆ ਵਿੱਚ ਆਪਸੀ ਪਿਆਰ ਤੇ ਭਰਾਵਾਂ ਦੀ ਮਿਸਾਲ ਵਜੋਂ ਜਾਣੇ ਜਾਂਦੇ ਹਨ, ਪਰ ਦੋਸ਼ੀ ਦੀ ਇਸ ਘਿਨੌਣੀ ਹਰਕਤ ਨੇ ਉਸ ਸਾਂਝ ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।
ਲਾਪਰਵਾਹੀ ਕਰਨ ਵਾਲੇ ਪੁਲਿਸ ਕਰਮੀ ‘ਤੇ ਹੋਏਗਾ ਸਖਤ ਐਕਸ਼ਨ
ਮਹਿੰਦਰ ਭਗਤ ਨੇ ਕਿਹਾ ਕਿ ਜੇਕਰ ਸ਼ੁਰੂਆਤੀ ਸਮੇਂ ਪੁਲਿਸ ਨੇ ਆਪਣਾ ਕੰਮ ਧਿਆਨ ਨਾਲ ਕੀਤਾ ਹੁੰਦਾ ਤਾਂ ਬੱਚੀ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਨੇ ਦੱਸਿਆ ਕਿ ਥਾਣਾ ਇੰਚਾਰਜ ਨੇ ਤਾਂ ਇਸ ਮਾਮਲੇ ਵਿੱਚ ਵਧੀਆ ਕੰਮ ਕੀਤਾ, ਪਰ ਚੌਕੀ ਦੇ ਕੁਝ ਮੁਲਾਜ਼ਮਾਂ ਨੇ ਸ਼ੁਰੂ ‘ਚ ਕਾਫ਼ੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪਰਿਵਾਰ ਨੂੰ ਆਪਣੀ ਬੇਟੀ ਗੁਆਉਣੀ ਪਈ।
ਉਨ੍ਹਾਂ ਨੇ ਕਿਹਾ ਕਿ ਇਸ ਲਾਪਰਵਾਹੀ ਦੀ ਸਜ਼ਾ ਨੌਕਰੀ ਤੋਂ ਬਰਖ਼ਾਸਤਗੀ ਹੋਣੀ ਚਾਹੀਦੀ ਹੈ। ਸਿਰਫ਼ ਸਸਪੈਂਡ ਕਰਨਾ ਪਰਿਵਾਰ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਭਗਤ ਨੇ ਕਿਹਾ ਕਿ ਇਸ ਮਾਮਲੇ ਵਿੱਚ CP ਅਤੇ DGP ਨਾਲ ਗੱਲ ਕਰਕੇ ਲਾਪਰਵਾਹ ਪੁਲਿਸ ਕਰਮਚਾਰੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।
ਮੰਤਰੀ ਨੇ ਦੱਸਿਆ ਕਿ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਸਨੇ ਬੱਚੀ ਦੀ ਹੱਤਿਆ ਕਰਕੇ ਉਸਦੀ ਲਾਸ਼ ਨੂੰ ਬਾਥਰੂਮ ਵਿੱਚ ਲਕੋ ਦਿੱਤੀ ਸੀ। ਬਾਅਦ ਵਿੱਚ ਉਹ ਲਾਸ਼ ਨੂੰ ਹੋਰ ਕਿਤੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮੋਹੱਲੇ ਦੇ ਲੋਕਾਂ ਦੀ ਸਤਰਕਤਾ ਨਾਲ ਸਾਰਾ ਮਾਮਲਾ ਸਾਹਮਣੇ ਆ ਗਿਆ। ਮਹਿੰਦਰ ਭਗਤ ਨੇ ਕਿਹਾ ਕਿ ਮੋਹੱਲਾ ਨਿਵਾਸੀਆਂ ਨੇ ਪਰਿਵਾਰ ਦਾ ਪੂਰਾ ਸਾਥ ਦਿੱਤਾ, ਜਿਸ ਕਰਕੇ ਦੋਸ਼ੀ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ

More Stories
ਜਲੰਧਰ ‘ਚ ਸ੍ਰੀ ਬਾਬਾ ਸੋਢਲ ਮੇਲੇ ਦੀਆਂ ਰੌਣਕਾਂ, ਲੱਖਾਂ ਸ਼ਰਧਾਲੂ ਹੋਣਗੇ ਨਤਮਸਤਕ; ਜਾਣੋ ਇਤਿਹਾਸ
📰 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਵਸੂਲੀ ’ਤੇ ਨਗਰ ਨਿਗਮ ਦਾ ਫੋਕਸ, 10% ਰਿਆਇਤ ਦਾ ਲਾਭ ਲੈਣ ਦੀ ਅਪੀਲ
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ