ਬਟਾਲਾ ‘ਚ ਵਾਪਰਿਆ ਦਰਦਨਾਕ ਹਾਦਸਾ, ਟਿੱਪਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ; ਦੋ ਔਰਤਾਂ ਨੂੰ ਕੁਚਲਿਆ, ਮੌਤ

ਬਟਾਲਾ TLT NEWS/  ਸ਼ੁੱਕਰਵਾਰ ਦੀ ਸਵੇਰ ਕਰੀਬ ਸਵਾ 8 ਵਜੇ ਬਟਾਲਾ ਦੇ ਨਜ਼ਦੀਕੀ ਅੱਡਾ ਅੰਮੋਨੰਗਲ ਦੇ ਨਹਿਰ ਪੁੱਲ ਦੇ ਨਜ਼ਦੀਕ ਇੱਕ ਟਿੱਪਰ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਇਸ ਹਾਦਸੇ ‘ਚ ਮੋਟਰਸਾਈਕਲ ਦੇ ਪਿੱਛੇ ਬੈਠੀਆਂ ਦੋ ਔਰਤਾਂ ਨੂੰ ਟਿੱਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਮ੍ਰਿਤਕ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਬਟਾਲਾ ਜਲੰਧਰ ਰੋਡ ‘ਤੇ ਮੌਕੇ ‘ਤੇ ਧਰਨਾ ਲਗਾ ਕੇ ਰਸਤਾ ਜਾਮ ਕਰ ਦਿੱਤਾ। ਉਧਰ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਉਸ ਨੂੰ ਫੜਨ ਲਈ ਪਿੱਛਾ ਕਰ ਰਹੀ ਹੈ। ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਕੋਟਲਾ ਬੱਜਾ ਸਿੰਘ ਆਪਣੇ ਪਿੰਡ ਦੀ ਹੀ ਇੱਕ ਹੋਰ ਔਰਤ ਕਰਮਜੀਤ ਕੌਰ ਪਤਨੀ ਅਮਰਜੀਤ ਸਿੰਘ ਨਾਲ ਆਪਣੇ ਪਤੀ ਮਨਜੀਤ ਸਿੰਘ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਮਿਹਨਤ ਮਜ਼ਦੂਰੀ ਲਈ ਮਹਿਤਾ ਚੌਂਕ ਵੱਲ ਜਾ ਰਹੀਆਂ ਸਨ। ਜਦ ਉਹ ਅੰਮੋਨੰਗਲ ਦੇ ਨਹਿਰ ਪੁੱਲ ਦੇ ਨਜ਼ਦੀਕ ਪੁੱਜੀਆਂ ਤਾਂ ਪਿਛੋਂ ਬਟਾਲੇ ਵਾਲੇ ਪਾਸਿਓਂ ਆਏ ਇੱਕ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਜਿਸ ਨਾਲ ਲਖਵਿੰਦਰ ਕੌਰ ਅਤੇ ਕਰਮਜੀਤ ਕੌਰ ਟਿੱਪਰ ਦੇ ਟਾਇਰਾਂ ਹੇਠਾਂ ਆਉਣ ਕੇ ਬੁਰੀ ਤਰ੍ਹਾਂ ਕੁਚਲੀਆਂ ਗਈਆਂ, ਜਦਕਿ ਮਨਜੀਤ ਸਿੰਘ ਇੱਕ ਪਾਸੇ ਡਿੱਗ ਪਿਆ ਅਤੇ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਦੀ ਸੂਚਨਾ ਥਾਣਾ ਰੰਗੜ ਨੰਗਲ ਦੀ ਪੁਲਿਸ ਨੂੰ ਦੇ ਦਿੱਤੀ ਗਈ ਪਰ ਪੁਲਿਸ ਕੁਝ ਸਮਾਂ ਲੇਟ ਪਹੁੰਚੀ ।ਜਿਸ ਕਾਰਨ ਮ੍ਰਿਤਕ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਗੁੱਸੇ ‘ਚ ਆ ਕੇ ਬਟਾਲਾ ਜਲੰਧਰ ਮੁੱਖ ਮਾਰਗ ‘ਤੇ ਧਰਨਾ ਦੇ ਦਿੱਤਾ ਹੈ। ਉਧਰ ਥਾਣਾ ਰੰਗੜ ਨੰਗਲ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਟਿੱਪਰ ਚਾਲਕ ਦਾ ਕਰ ਰਹੇ ਹਨ।