ਦਿਵਿਆ ਦ੍ਰਿਸ਼ਟੀ NGO ਨੇ ਸਲੱਮ ਏਰੀਆ ਦੇ ਬੱਚਿਆਂ ਨਾਲ ਮਨਾਇਆ ਨਵਾਂ ਸਾਲ, 100 ਬੱਚਿਆਂ ਨੂੰ ਵੰਡੇ ਬੂਟ ਅਤੇ ਜੁਰਾਬਾਂ

* ਹੋਟਲਾਂ ਦੀਆਂ ਪਾਰਟੀਆਂ ਨਾਲੋਂ ਜ਼ਰੂਰਤਮੰਦਾਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਵਧੇਰੇ ਸਕੂਨਦਾਇਕ: ਪ੍ਰਵੀਨ ਅਬਰੋਲ • ਸੰਸਥਾ ਨੇ ਰਾਮਾਮੰਡੀ ਨੇੜੇ ਲੋੜਵੰਦ ਪਰਿਵਾਰਾਂ ਨੂੰ ਖਾਣ-ਪੀਣ ਦਾ ਸਾਮਾਨ ਵੀ ਵੰਡਿਆ

ਜਲੰਧਰ (ਰਮੇਸ਼ ਗਾਬਾ) ਨਵੇਂ ਸਾਲ ਦੇ ਆਗਮਨ ‘ਤੇ ਜਿੱਥੇ ਦੁਨੀਆ ਜਸ਼ਨਾਂ ਵਿੱਚ ਡੁੱਬੀ ਹੋਈ ਹੈ, ਉੱਥੇ ਹੀ ਜਲੰਧਰ ਦੀ ਸਮਾਜ ਸੇਵੀ ਸੰਸਥਾ ‘NGO ਦਿਵਿਆ ਦ੍ਰਿਸ਼ਟੀ’ ਨੇ ਇੱਕ ਸ਼ਲਾਘਾਯੋਗ ਪਹਿਲ ਕਰਦਿਆਂ ਨਵਾਂ ਸਾਲ ਲੋੜਵੰਦਾਂ ਦੇ ਨਾਮ ਕੀਤਾ। ਸੰਸਥਾ ਦੇ ਮੈਂਬਰਾਂ ਵੱਲੋਂ ਰਾਮਾਮੰਡੀ ਦੇ ਨਜ਼ਦੀਕ ਸਲੱਮ ਏਰੀਆ (ਝੁੱਗੀ-ਝੌਂਪੜੀ) ਵਿੱਚ ਰਹਿਣ ਵਾਲੇ ਲੋਕਾਂ ਅਤੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।

ਬੱਚਿਆਂ ਨੂੰ ਮਿਲੇ ਨਵੇਂ ਬੂਟ ਅਤੇ ਖਾਣ-ਪੀਣ ਦਾ ਸਾਮਾਨ ਇਸ ਖ਼ਾਸ ਮੌਕੇ ‘ਤੇ ਸੰਸਥਾ ਵੱਲੋਂ 100 ਦੇ ਕਰੀਬ ਬੱਚਿਆਂ ਨੂੰ ਨਵੇਂ ਬੂਟ (ਸ਼ੂਜ਼) ਅਤੇ ਜੁਰਾਬਾਂ ਵੰਡੀਆਂ ਗਈਆਂ ਤਾਂ ਜੋ ਕੜਾਕੇ ਦੀ ਠੰਢ ਵਿੱਚ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਸਲੱਮ ਏਰੀਆ ਦੇ ਪਰਿਵਾਰਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਵੀ ਮੁਹੱਈਆ ਕਰਵਾਈਆਂ ਗਈਆਂ। ਨਵੇਂ ਤੋਹਫ਼ੇ ਪਾ ਕੇ ਬੱਚਿਆਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਉੱਠੇ।

ਮਾਨਵਤਾ ਦੀ ਸੇਵਾ ਹੀ ਅਸਲ ਪੁੰਨ ਸੰਸਥਾ ਦੀ ਪ੍ਰਮੁੱਖ ਪ੍ਰਵੀਨ ਅਬਰੋਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵੱਡੇ-ਵੱਡੇ ਹੋਟਲਾਂ ਵਿੱਚ ਮਹਿੰਗੀਆਂ ਪਾਰਟੀਆਂ ਕਰਕੇ ਉਹ ਸਕੂਨ ਨਹੀਂ ਮਿਲਦਾ, ਜੋ ਇਨ੍ਹਾਂ ਮਾਸੂਮ ਬੱਚਿਆਂ ਦੇ ਚਿਹਰੇ ‘ਤੇ ਮੁਸਕਾਨ ਦੇਖ ਕੇ ਮਿਲਦਾ ਹੈ। ਉਨ੍ਹਾਂ ਕਿਹਾ ਕਿ ‘ਦਿਵਿਆ ਦ੍ਰਿਸ਼ਟੀ’ ਹਰ ਸਾਲ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਇਨ੍ਹਾਂ ਲੋੜਵੰਦ ਲੋਕਾਂ ਦੇ ਨਾਲ ਹੀ ਕਰਦੀ ਹੈ।

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਹਮੇਸ਼ਾ ਆਪਣੇ ਆਲੇ-ਦੁਆਲੇ ਰਹਿਣ ਵਾਲੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਦੂਜਿਆਂ ਦੀ ਮਦਦ ਕਰਨਾ ਹੀ ਜੀਵਨ ਦਾ ਸਭ ਤੋਂ ਵੱਡਾ ਅਤੇ ਪੁੰਨ ਦਾ ਕਾਰਜ ਹੈ।