ਪਿੰਡ ਗੌਸਲ ਵਿਖੇ 51ਵਾਂ ਵਿਸ਼ਾਲ ਸਲਾਨਾ ਛਿੰਝ ਮੇਲਾ 7 ਅਪ੍ਰੈਲ ਨੂੰ – ਚੋਟੀ ਦੇ ਪਹਿਲਵਾਨਾਂ ਵਿਚਕਾਰ ਹੋਣਗੇ ਫਸਵੇਂ ਮੁਕਾਬਲੇ

ਕਪੂਰਥਲਾ,ਜਲੰਧਰ, (ਰਮੇਸ਼ ਗਾਬਾ): ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਪਿੰਡ ਗੌਸਲ ਵਿਖੇ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਅਤੇ ਸਮੂਹ NRI ਵੀਰਾਂ ਦੇ ਸਹਿਯੋਗ ਨਾਲ 51ਵਾਂ ਸਲਾਨਾ ਛਿੰਝ ਮੇਲਾ ਆਉਂਦੀ 7 ਅਪ੍ਰੈਲ, ਦਿਨ ਮੰਗਲਵਾਰ ਨੂੰ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਹ ਖੇਡ ਮੇਲਾ ਸਵਰਗਵਾਸੀ ਜਰਨੈਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਬੂਟਾ ਸਿੰਘ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਕੁਸ਼ਤੀ ਪ੍ਰੇਮੀਆਂ ਨੂੰ ਚੋਟੀ ਦੇ ਮੁਕਾਬਲੇ ਦੇਖਣ ਨੂੰ ਮਿਲਣਗੇ। ਮੇਲੇ ਦੌਰਾਨ ਸੱਦੇ ਹੋਏ ਪਹਿਲਵਾਨਾਂ ਦੀਆਂ ਲਗਭਗ 40 ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਝੰਡੀ ਦੀ ਪਹਿਲੀ ਕੁਸ਼ਤੀ ਜਿੱਤਣ ਵਾਲੇ ਪਹਿਲਵਾਨ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਦੂਜੇ ਨੰਬਰ ਤੇ ਰਹਿਣ ਵਾਲੇ ਪਹਿਲਵਾਨ ਨੂੰ ਸੋਨੇ ਦੀ ਮੋਹਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕੁਸ਼ਤੀ ਦੇ ਮੈਦਾਨ ਵਿੱਚ ਗੌਰਵ ਮਾਛੀਵਾੜਾ ਤੇ ਅਲੀਗੰਜ ਦਿੱਲੀ ਦੇ ਪਹਿਲਵਾਨ ਵਿਚਕਾਰ ਭੇੜ ਹੋਵੇਗਾ। ਇਸ ਦੇ ਨਾਲ ਹੀ ਪਰਮਿੰਦਰ ਡੂਮਛੇੜੀ ਅਤੇ ਅੰਕਿਤ ਪਟਿਆਲਾ ਵਰਗੇ ਨਾਮੀ ਪਹਿਲਵਾਨ ਵੀ ਆਪਣੇ ਦਮ-ਖ਼ਮ ਦਾ ਪ੍ਰਦਰਸ਼ਨ ਕਰਨਗੇ।
ਮੇਲੇ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਸ ਤੋਂ ਇਲਾਵਾ ਸਮੂਹ ਕਲੱਬ ਪਰਿਵਾਰ ਵੱਲੋਂ 61,000/- ਰੁਪਏ ਦੀ ਲਾਗਤ ਨਾਲ ਸੰਗਤਾਂ ਲਈ ਦੁੱਧ ਦੇ ਵਿਸ਼ੇਸ਼ ਲੰਗਰ ਦੀ ਸੇਵਾ ਵੀ ਲਗਾਈ ਜਾਵੇਗੀ। ਇਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਖਸ਼ੀਅਤਾਂ ਵੱਲੋਂ ਸ਼ਿਰਕਤ ਕਰਕੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਜਾਵੇਗੀ।ਪ੍ਰਬੰਧਕਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਪੰਜਾਬ ਦੇ ਅਮੀਰ ਵਿਰਸੇ ਦੀ ਪ੍ਰਤੀਕ ਇਸ ਖੇਡ ‘ਕੁਸ਼ਤੀ’ ਦਾ ਆਨੰਦ ਮਾਣਨ।