ਜਲੰਧਰ, (ਰਮੇਸ਼ ਗਾਬਾ) ਜਲੰਧਰ ਬੇਅੰਤ ਸਿੰਘ ਪਾਰਕ ਨਾਲ ਲੱਗਦੀ ਖਾਲੀ ਥਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਵਾਲਿਆਂ ਤੋਂ ਤਹਿਬਾਜ਼ਾਰੀ ਦੇ ਨਾਂ ’ਤੇ ਵਸੂਲੀ ਕਰਨ ਵਾਲੇ ਖਿਲਾਫ ਐੱਫਆਈਆਰ ਦਰਜ ਕਰਨ ਲਈ ਪੁਲਿਸ ਕਮਿ਼ਸ਼ਨਰ ਨੂੰ ਪੱਤਰ ਲਿਖਿਆ ਜਾਵੇਗਾ। ਇਹ ਭਰੋਸਾ ਸਾਬਕਾ ਵਿਧਾਇਕ ਕੇਡੀ ਭੰਡਾਰੀ ਦੀ ਅਗਵਾਈ ’ਚ ਆਏ ਬੇਅੰਤ ਸਿੰਘ ਪਾਰਕ ਫੋਕਲ ਪੁਆਇੰਟ ਨੇੜੇ ਲੱਗਦੀ ਸਬਜ਼ੀ ਮੰਡੀ ਦੇ ਰੇਹੜੀ ਵਾਲਿਆਂ ਦੇ ਪ੍ਰਧਾਨ ਪ੍ਰਤਾਪ ਨਰਾਇਣ ਨੂੰ ਮੇਅਰ ਵਿਨੀਤ ਧੀਰ ਨੇ ਸ਼ੁੱਕਰਵਾਰ ਨੂੰ ਇਕ ਮੀਟਿੰਗ ਦੌਰਾਨ ਦਿੱਤਾ। ਮੀਟਿੰਗ ’ਚ ਲੱਗਭਗ 80 ਰੇਹੜੀਆਂ ਵਾਲੇ ਮੌਜੂਦ ਸਨ। ਪ੍ਰਧਾਨ ਪ੍ਰਤਾਪ ਨਰਾਇਣ ਨੇ ਦੋਸ਼ ਲਾਇਆ ਕਿ ਆਪਣੇ-ਆਪ ਨੂੰ ਤਹਿਬਾਜ਼ਾਰੀ ਇੰਸਪੈਕਟਰ ਦੱਸ ਦੇ ਇਕ ਵਿਅਕਤੀ ਵੱਲੋਂ 3-3 ਹਜ਼ਾਰ ਰੁਪਏ ਪ੍ਰਤੀ ਰੇਹੜੀ ਜੁਬਰੀ ਵਸੂਲੀ ਕੀਤੀ ਜਾਂਦੀ ਹੈ। ਗਰੀਬ ਰੇਹੜੀ ਵਾਲਿਆਂ ਨੂੰ ਕਾਫੀ ਪਰੇਸ਼ਾਨ ਕੀਤਾ ਜਾਂਦਾ ਹੈ। ਮੇਅਰ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਨੂੰ ਵੀ ਪੈਸੇ ਨਾ ਦੇਣ। ਮੀਟਿੰਗ ’ਚ ਮੇਅਰ ਨੇ ਤਹਿਬਾਜ਼ਾਰੀ ਦੇ 3 ਇੰਸਪੈਕਟਰ ਵੀ ਰੇਹੜੀ ਵਾਲਿਆਂ ਸਾਹਮਣੇ ਪੇਸ਼ ਕੀਤੇ, ਜਿਨ੍ਹਾਂ ਦੀ ਉਨ੍ਹਾਂ ਨੇ ਪੁਸ਼ਟੀ ਨਹੀਂ ਕੀਤੀ ਤੇ ਇਹ ਇੰਸਪੈਕਟਰ ਅਜੇ ਨਵੇਂ ਹੀ ਤਹਿਬਾਜ਼ਾਰੀ ’ਚ ਤਬਦੀਲ ਹੋਏ ਸਨ। ਮੇਅਰ ਨੇ ਕਿਹਾ ਕਿ ਜਿਹੜੇ ਫੋਕਲ ਪੁਆਇੰਟ ਇਲਾਕੇ ’ਚ ਇੰਸਪੈਕਟਰ ਲਾਏ ਗਏ ਹਨ, ਉਹ ਬਾਕਾਇਦਾ ਪੈਸੇ ਲੈ ਕੇ ਰਸੀਦਾਂ ਦੇਣਗੇ ਤੇ ਪੈਸੇ ਆਨਲਾਈਨ ਹੀ ਅਦਾ ਕੀਤੇ ਜਾਣ। ਮੇਅਰ ਨੇ ਕਿਹਾ ਕਿ ਸਾਰੀਆਂ ਰੇਹੜੀਆਂ ’ਤੇ ਨੰਬਰ ਪਲੇਟਾਂ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਵਰਨਣਯੋਗ ਹੈ ਕਿ ਫੋਕਲ ਪੂਆਇੰਟ ਵਿਖੇ ਲੱਗਦੀ ਸਬਜ਼ੀ ਮੰਡੀ ’ਚ ਲੱਗਭਗ 200 ਰੇਹੜੀਆਂ ਲੱਗਦੀਆਂ ਹਨ, ਜਿਨ੍ਹਾਂ ਤੋਂ ਨਾਜਾਇਜ਼ ਤੌਰ ’ਤੇ ਵਸੂਲੀ ਕੀਤੇ ਜਾਣ ਦੇ ਪ੍ਰਧਾਨ ਪ੍ਰਤਾਪ ਨਰਾਇਣ ਨੇ ਦੋਸ਼ ਲਾਏ ਸਨ। ਮੇਅਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਜਬਰੀ ਵਸੂਲੀ ਲਈ ਆਉਂਦਾ ਹੈ ਤਾਂ ਤਹਿਬਾਜ਼ਾਰੀ ਬਰਾਂਚ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਹ ਵਰਨਣਯੋਗ ਹੈ ਕਿ ਪਿਛਲੇ ਹਫਤੇ ਮੇਅਰ ਦੀ ਹਦਾਇਤ ’ਤੇ ਕਮਿਸ਼ਨਰ ਨੇ ਤਹਿਬਾਜ਼ਾਰੀ ਬਰਾਂਚ ਦਾ ਸਾਰਾ ਸਟਾਫ ਬਦਲ ਦਿੱਤਾ ਸੀ ਤੇ ਹੁਣ ਨਵਾਂ ਸਟਾਫ ਉਥੇ ਕੰਮ ਕਰ ਰਿਹਾ ਹੈ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ