TLT NEWS/ ਬਟਾਲਾ: ਅੱਜ ਸਵੇਰੇ 6 ਵਜੇ ਦੇ ਕਰੀਬ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਕਲੇਰ ਖੁਰਦ ਜਿਸ ਨੂੰ ਖੂਨੀ ਕਲੇਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਇੱਕ ਟੂਰਿਸਟ ਬੱਸ ਦੇ ਪਲਟਣ ਨਾਲ ਦੋ ਵਿਦਿਆਰਥੀਆਂ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ। ਜਦ ਕਿ ਇਸ ਹਾਦਸੇ ਵਿੱਚ ਅੱਧੀ ਦਰਜਨ ਦੇ ਕਰੀਬ ਵਿਦਿਆਰਥੀਆਂ ਤੋਂ ਇਲਾਵਾ ਕੁਝ ਸਵਾਰੀਆਂ ਵੀ ਜ਼ਖ਼ਮੀ ਹੋਈਆਂ ਹਨ। ਉਧਰ ਇਹ ਵੀ ਪਤਾ ਲੱਗਾ ਹੈ ਕਿ ਜਿਉਂ ਹੀ ਟੂਰਿਸਟ ਬੱਸ ਨੈਸ਼ਨਲ ਹਾਈਵੇ ‘ਤੇ ਪਲਟੀ ਤਾਂ ਇਸੇ ਦੌਰਾਨ ਪੰਜ ਹੋਰ ਵਾਹਨ ਆਪਸ ਵਿੱਚ ਟਕਰਾਅ ਗਏ।ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਇੱਕ ਟੂਰਿਸਟ ਬੱਸ ਜਿਸ ਵਿੱਚ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਦਰਜਨ ਦੇ ਕਰੀਬ ਵਿਦਿਆਰਥੀ ਸਵਾਰ ਸਨ, ਅੰਮ੍ਰਿਤਸਰ ਤੋਂ ਜੰਮੂ ਨੂੰ ਜਾ ਰਹੀ ਸੀ। ਜਦੋਂ ਇਹ ਬੱਸ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਖੂਨੀ ਕਲੇਰ ਕੋਲ ਪਹੁੰਚੀ ਤਾਂ ਬੱਸ ਡਰਾਈਵਰ ਵੱਲੋਂ ਅਚਾਨਕ ਬੱਸ ਦੀ ਬਰੇਕ ਲਗਾਉਣ ਦੇ ਬਾਅਦ ਕੱਟ ਮਾਰਿਆ ਗਿਆ ਤਾਂ ਬੱਸ ਬੇਕਾਬੂ ਹੋ ਕੇ ਹਾਈਵੇ ‘ਤੇ ਹੀ ਪਲਟ ਗਈ। ਇਸ ਦੇ ਸਿੱਟੇ ਵਜੋਂ ਗਲੋਬਲ ਇੰਸਟੀਚਿਊਟ ਵਿਖੇ ਪੜ੍ਹਾਈ ਕਰਦੇ ਵਿਦਿਆਰਥੀਆਂ ਵਿੱਚੋਂ ਜੰਮੂ ਵਾਸੀ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਦੇ ਕਰੀਬ ਵਿਦਿਆਰਥੀ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ ਕੁਝ ਸਵਾਰੀਆਂ ਨੂੰ ਵੀ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਇਸ ਬੱਸ ਦੇ ਪਲਟਣ ਦੇ ਬਾਅਦ ਪੰਜ ਹੋਰ ਗੱਡੀਆਂ ਆਪਸ ਵਿੱਚ ਟਕਰਅ ਗਈਆਂ, ਜਿਸ ਨਾਲ ਗੱਡੀਆਂ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈਣ ਨੂੰ ਉਪਰੰਤ ਜ਼ਖਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਹੈ। ਜਦਕਿ ਮ੍ਰਿਤਕਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜ਼ਖ਼ਮੀਆਂ ਦੀ ਪਛਾਣ ਵਿਸ਼ਵ ਅਰੋੜਾ ਵਾਸੀ ਅੰਮ੍ਰਿਤਸਰ ਜੋ ਕਿ ਫਾਰਮਾ ਕੰਪਨੀ ਜੰਮੂ ਵਿੱਚ ਵਰਕਿੰਗ ਮੈਨੇਜਰ ਹੈ ਸਮੇਤ ਵਿਦਿਆਰਥੀ ਨਿਤੀਸ਼ ਸਿੰਘ, ਹਰੀਸ਼ ਆਦਿ ਵਜੋਂ ਹੋਈ ਹੈ। ਉਧਰ ਬੱਸ ਵਿੱਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਅੱਗੇ ਪਹਿਲਾਂ ਹੀ ਐਕਸੀਡੈਂਟ ਹੋਇਆ ਸੀ, ਜਿਸ ਦੇ ਚਲਦਿਆਂ ਬੱਸ ਡਰਾਈਵਰ ਵੱਲੋਂ ਅਚਾਨਕ ਬੱਸ ਦੀ ਬਰੇਕ ਲਗਾਉਣ ਦੇ ਬਾਅਦ ਕੱਟ ਮਾਰਿਆ ਗਿਆ ਤਾਂ ਬੱਸ ਬੇਕਾਬੂ ਹੋ ਕੇ ਪਲਟ ਗਈ ਅਤੇ ਵਿਦਿਆਰਥੀਆਂ ਸਮੇਤ ਕੁੱਲ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਪਲਟੀ ਟੂਰਿਸਟ ਬੱਸ ਨੂੰ ਕਰੇਨ ਮੰਗਵਾ ਕੇ ਸਿੱਧਾ ਕੀਤਾ ਗਿਆ ਅਤੇ ਆਵਾਜਾਈ ਚਾਲੂ ਕਰਵਾਈ ਗਈ।

More Stories
ਫਰਜ਼ੀ ਪੁਲਿਸ ਬਣ ਕੇ ਗੰਨ ਹਾਊਸ ਤੋਂ ਪਿਸਤੌਲ ਲੈ ਉੱਡਿਆ ਮੁਲਜ਼ਮ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਜਾਸਾਂਸੀ ਹਵਾਈ ਅੱਡੇ ਤੋਂ ਹਵਾਈ ਉਡਾਣ ਦੇਰੀ ਨਾਲ ਹੋਣ ਕਾਰਨ ਯਾਤਰੀ ਹੋ ਰਹੇ ਖੱਜਲ-ਖੁਆਰ
ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ