ਟੈਕਸ ਦੇਣ ਦੇ ਬਾਵਜੂਦ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖਸਤਾ ਰਖਣਾ ਗੈਰ ਸੰਵਿਧਾਨਕ

ਹੁਸ਼ਿਆਰਪੁਰ,TLT NEWS/ ) ਸੜਕਾਂ ਵਿਕਾਸ ਦੀ ਤੰਦਰੁਸਤੀ ਦਾ ਅਧਾਰ ਹਨ ਤੇ ਸੜਕ ਵੇਖਦਿਆਂ ਹੀ ਵਿਕਾਸ ਚੀਕਾਂ ਮਾਰਨ ਲੱਗ ਜਾਂਦਾ ਹੈ।ਪਿੰਡ ਜੈਤ ਪੁਰ ਨੂੰ ਜਾਣਵਾਲੀ ਸੜਕ ਵਿਚ 100—100 ਫੁੱਟ ਲੰਬੇ,10,10 ਫੁੱਟ ਚੋੜੇ ਅਤੇ 2,2 ਫੁੱਟ ਡੁੰਘੇ ਖੱਡਿਆਂ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਵਾਸੀਆਂ ਦੀਆਂ ਸੜਕ ਪ੍ਰਤੀ ਮੁਸਿ਼ਕਲਾਂ ਨੂੰ ਸੁਣਿਆ ਅਤੇ ਸੜਕ ਦੇ ਕਿਨਾਰੇ ਖੜੇ ਹੋ ਕੇ ਸਰਕਾਰ ਦੀਆਂ ਸੜਕਾਂ ਪ੍ਰਤੀ ਗੱਪਮਾਰ ਨੀਤੀਆਂ ਵਿਰੁਧ ਮੁਜਾਹਰਾ ਕੀਤਾ ਤੇ ਕਿਹਾ ਕਿ ਸੜਕ ਦੀ ਹਾਲਤ ਐਨੀ ਖਸਤਾ ਹੈ ਕਿ ਨਿੱਤ ਦਿਨ ਕੋਈ ਨ ਕੋਈ ਸੜਕ ਦੀ ਮਾੜੀ ਹਾਲਤ ਕਰਕੇ ਘਟਨਾ ਵਾਪਰ ਦੀ ਰਹਿੰਦੀ ਹੈ।ਸੜਕ ਦੇ ਆਸ ਪਾਸ ਖੁਲੀਆਂ ਦੁਕਾਨਾ ਵਾਲੇ ਸਰਕਾਰ ਦੇ ਲਾਰਿਆਂ ਤੋਂ ਅਤਿ ਪ੍ਰੇਸ਼ਾਨ ਹਨ ਤੇ ਵਹੀਕਲ ਲੰਘਣ ਤੇ ਉਨ੍ਹਾਂ ਦੀਆਂ ਦੁਕਾਨਾ ਅੰਦਰ ਗੰਦੇ ਪਾਣੀ ਦੇ ਛਿੱਟੇ ਪੈਂਦੇ ਰਹਿੰਦੇ ਹਨ।ਸਕੂਲੀ ਬੱਚਿਆਂ ਲਈ ਵੀ ਲੰਘਣਾ ਅੋਖਾ ਹੈ।ਧੀਮਾਨ ਨੇ ਦਸਿਆ ਕਿ ਸਰਕਾਰ ਇਨ੍ਹਾਂ ਸੜਕਾਂ ਦੀ ਉਸਾਰੀ ਲਈ ਅਨੇਕਾਂ ਪ੍ਰਕਾਰ ਦੇ ਲੋਕਾਂ ਤੋਂ ਟੈਕਸਾਂ ਦੀ ਉਗਰਾਹੀ ਕਰਦੀ ਹੈ ਤੇ ਫਿਰ ਵੀ ਸੜਕਾਂ ਨਹੀਂ ਬਣਾ ਰਹੀ।ਬਰਸਾਤ ਦੇ ਦਿਨਾਂ ਵਿਚ ਬਹਾਨਾ ਬਣਾ ਲਿਆ ਜਾਂਦਾ ਹੈ ਕਿ ਬਰਸਾਤ ਤੋਂ ਬਾਅਦ ਵਿਚ ਬਣੇਗੀ,ਸਵਾਲ ਇਹ ਪੈਦਾ ਹੁੰਦਾ ਹੈ ਕੀ ਬਰਸਾਤ ਵਿਚ ਲੋਕ ਸੜਕਾਂ ਉਤੇ ਚਲਣਾ ਬੰਦ ਕਰ ਦਿੰਦੇ ਹਨ? ਕੀ ਬਰਸਾਤ ਵਿਚ ਵਧਾਇਕਾਂ ਅਤੇ ਅਧਿਕਾਰੀਆਂ ਨੂੰ ਤਨਖਾਹ ਨਹੀਂ ਮਿਲਦੀ? ਕੀ ਬਰਸਾਤ ਵਿਚ ਸਰਕਾਰ ਲੋਕਾਂ ਤੋਂ ਰੋਡ ਟੈਕਸ ਦੀ ਉਗਰਾਹੀ ਬੰਦ ਕਰ ਲੈਂਦੀ ਹੈ? ਕੀ ਬਰਸਾਤ ਵਿਚ ਲੋਕਾਂ ਦੇ ਐਕਸੀਡੈਂਟ ਨਹੀਂ ਹੁੰਦੇ? ਉਨ੍ਹਾਂ ਕਿਹਾ ਕਿ ਅਜਿਹੇ ਬਹਾਨੇ ਕਰਨਾ ਹੁਣ ਪੁਰਾਣੇ ਹੋ ਗਏ ਹਨ।ਘਟੀਆ ਅਤੇ ਘੱਟ ਮਟੀਰੀਅਲ ਦੀ ਵਰਤੋਂ ਕਾਰਨ ਇਹ ਸੜਕਾਂ ਮਾੜੇ ਜਹੇ ਮੀਂਹ ਨਾਲ ਕਿਉਂ ਖਿਲਰ ਜਾਂਦੀਆਂ ਹਨ।ਫਿਰ ਸੜਕਾਂ ਦੇ ਆਲੇ ਦੁਆਲੇ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਵੀ ਨਹੀਂ ਕੀਤਾ ਜਾਂਦਾ।ਧੀਮਾਨ ਨੇ ਦਸਿਆ ਕਿ ਲਗਭਗ ਸਾਰੇ ਪਿੰਡਾਂ ਦੀਆ ਸੜਕਾਂ ਅਤੇ ਪਿੰਡਾਂ ਦੀਆਂ ਫਿਰਨੀਆਂ ਦੀ ਹਾਲਤ ਖਸਤਾ ਹੋਈ ਪਈ ਹੈ।ਸੜਕਾਂ ਵਿਚ ਖੱਡਿਆਂ ਤੇ ਟੋਇਆਂ ਕਾਰਨ ਲੋਕਾਂ ਦੇ ਵਹੀਕਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਇਸੇ ਕਰਕੇ ਵਹੀਕਲਾਂ ਦੀ ਉਮਰ ਘੱਟ ਕੇ ਅੱਧੀ ਰਹਿ ਜਾਂਦੀ ਹੈ।ਪਹਿਲਾਂ ਰੋਡ ਟੈਕਸ ਦਿਓ ਤੇ ਫਿਰ ਸਮੇਂ ਤੋਂ ਪਹਿਲਾਂ ਵਹੀਕਲਾਂ ਦੀ ਰੀਪੇਅਰ ਉਤੇ ਪੈਸੇ ਖਰਚ ਕਰੋ,ਇਹ ਕਿਹੜਾ ਇਨਸਾਫ ਹੈ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ “ਸੜਕ ਨਹੀਂ ਤਾ ਵੋਟ ਨਹੀਂ” ਮੁਹਿਮ ਦਾ ਹਿੱਸਾ ਬਨਣ ਤਾਂ ਕਿ ਸੜਕਾਂ ਦੀ ਖਸਤਾ ਹਾਲਤ ਵਿਚ ਸੁਧਾਰ ਕੀਤਾ ਜਾ ਸਕੇ।ਇਸ ਮੋਕੇ ਦਲਵੀਰ ਸਿੰਘ,ਰਾਕੇਸ਼ ਕੁਮਾਰ, ਅਮਰੀਕ ਸਿੰਘ, ਗੁਰਦੇਵ ਸਿੰਘ, ਦਿਲਬਾਗ ਸਿੰਘ, ਰਤਨ ਸਿੰਘ, ਅਵਤਾਰ ਸਿੰਘ ,ਰਿਕੀ ਅਤੇ ਰੀਤੂ ਬਾਲਾ ਆਦਿ ਸ਼ਾਮਿਲ ਸਨ।