ਏਜੀਆਈ ਵੱਲੋਂ ਫਲੱਡਲਿਟ ਗਲੀ ਬਾਕਸ ਕ੍ਰਿਕਟ ਗਰਾਊਂਡ ਦੀ ਸਥਾਪਨਾ

ਏਜੀਆਈ ਵੱਲੋਂ ਫਲੱਡਲਿਟ ਗਲੀ ਬਾਕਸ ਕ੍ਰਿਕਟ ਗਰਾਊਂਡ ਦੀ ਸਥਾਪਨਾ-ਕਿਹਾ, ਇਸ ਨਾਲ ਵਸਨੀਕਾਂ ਤੇ ਉਭਰਦੇ ਕ੍ਰਿਕਟਰਾਂ ਨੂੰ ਘਰ ਨੇੜੇ ਹੀ ਆਧੁਨਿਕ ਖੇਡ ਸਹੂਲਤਾਂ ਦਾ ਮਿਲੇਗਾ ਲਾਭ

ਜਲੰਧਰ, (ਰਮੇਸ਼ ਗਾਬਾ) : ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਊਰਜਾ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਦੇ ਹੋਏ ਰਚਨਾਤਮਕ ਸਰਗਰਮੀਆਂ ਵੱਲ ਮੋੜਨ ਦੇ ਉਦੇਸ਼ ਨਾਲ, ਏਜੀਆਈ ਇੰਫਰਾ ਲਿਮਿਟਿਡ ਦੀ ਸਹਾਇਕ ਸੰਸਥਾ ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਨੇ ਜਲੰਧਰ ਹਾਈਟਸ-2, ਅਰਬਾਨਾ, 66 ਫੁੱਟੀ ਰੋਡ, ਜਲੰਧਰ ਵਿਖੇ ਇੱਕ ਆਧੁਨਿਕ ਫਲੱਡਲਿਟ ਗਲੀ ਬਾਕਸ ਕ੍ਰਿਕਟ ਗਰਾਊਂਡ ਸਥਾਪਿਤ ਕੀਤਾ ਹੈ।

ਇਸ ਮੌਕੇ ਏਜੀਆਈ ਇੰਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਉਹ ਸਮਾਂ ਹੌਲੀ-ਹੌਲੀ ਬੀਤ ਰਿਹਾ ਹੈ ਜਦੋਂ ਬੱਚੇ ਖੇਡ ਮੈਦਾਨਾਂ ਦੀ ਘਾਟ ਕਾਰਨ ਤੰਗ ਗਲੀਆਂ ’ਚ ਕ੍ਰਿਕਟ ਖੇਡਦੇ ਸਨ। ਅਜੋਕੀ ਨੌਜਵਾਨ ਪੀੜ੍ਹੀ ਆਧੁਨਿਕ ਖੇਡ ਸਹੂਲਤਾਂ ਨੂੰ ਤਰਜੀਹ ਦਿੰਦੀ ਹੈ ਜੋ ਉਨ੍ਹਾਂ ਨੂੰ ਸੁਰੱਖਿਅਤ, ਰੋਮਾਂਚਕ ਤੇ ਪੇਸ਼ੇਵਰ ਖੇਡ ਮਾਹੌਲ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਫੁੱਟਸਾਲ ਤੇ ਫਾਈਵ-ਏ-ਸਾਈਡ ਹਾਕੀ ਦੀ ਲੋਕਪ੍ਰਿਅਤਾ ਵਧ ਰਹੀ ਹੈ, ਉਸੇ ਤਰ੍ਹਾਂ ਗਲੀ ਬਾਕਸ ਕ੍ਰਿਕਟ ਵੀ ਕ੍ਰਿਕਟ ਦੇ ਸਭ ਤੋਂ ਰੋਮਾਂਚਕ ਫਾਰਮੈਟਾਂ ਵਿੱਚੋਂ ਇਕ ਬਣ ਕੇ ਉਭਰੀ ਹੈ। ਸਿੰਥੈਟਿਕ ਐਸਟ੍ਰੋਟਰਫ ਸੱਤ੍ਹਾ ਉੱਤੇ ਖੇਡੀ ਜਾਣ ਵਾਲੀ ਤੇ ਸੁਰੱਖਿਆ ਜਾਲੀਆਂ ਨਾਲ ਘਿਰੀ ਇਹ ਖੇਡ ਅਖਾੜਾ ਲਗਭਗ ਇਕ ਪੂਰੇ ਬਾਸਕਟਬਾਲ ਕੋਰਟ ਦੇ ਬਰਾਬਰ ਖੇਤਰ ’ਚ ਫੈਲਿਆ ਹੈ, ਜਿਸ ਕਾਰਨ ਇਹ ਨੌਜਵਾਨ ਕ੍ਰਿਕਟਰਾਂ ਤੇ ਖੇਡ ਪ੍ਰੇਮੀਆਂ ’ਚ ਬਹੁਤ ਪ੍ਰਸਿੱਧ ਹੋ ਰਿਹਾ ਹੈ। ਖੇਡਾਂ ਤੇ ਮਨੋਰੰਜਨ ਸਰਗਰਮੀਆਂ ’ਚ ਆ ਰਹੇ ਬਦਲਾਅ ਨੂੰ ਸਮਝਦਿਆਂ, ਏਜੀਆਈ ਨੇ ਰਿਹਾਇਸ਼ੀ ਟਾਊਨਸ਼ਿਪ ਦੇ ਅੰਦਰ ਇਕ ਅਤਿ-ਆਧੁਨਿਕ ਫਲੱਡਲਿਟ ਗਲੀ ਬਾਕਸ ਕ੍ਰਿਕਟ ਗਰਾਊਂਡ ਵਿਕਸਿਤ ਕੀਤਾ ਹੈ, ਜਿਸ ਨਾਲ ਵਸਨੀਕਾਂ ਤੇ ਉਭਰਦੇ ਕ੍ਰਿਕਟਰਾਂ ਨੂੰ ਆਪਣੇ ਘਰ ਦੇ ਨੇੜੇ ਹੀ ਆਧੁਨਿਕ ਖੇਡ ਸਹੂਲਤਾਂ ਦਾ ਲਾਭ ਮਿਲੇਗਾ।

ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਰਿੰਦਰ ਭੰਬਰੀ ਅਨੁਸਾਰ, ਇਹ ਸਹੂਲਤ ਨਾ ਸਿਰਫ਼ ਜ਼ਮੀਨੀ ਪੱਧਰ ਦੇ ਕ੍ਰਿਕਟਰਾਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਤੇ ਆਕਰਸ਼ਕ ਖੇਡ ਮਾਹੌਲ ਪ੍ਰਦਾਨ ਕਰੇਗੀ, ਸਗੋਂ ਹਰ ਉਮਰ ਵਰਗ ਦੇ ਲੋਕਾਂ ਨੂੰ ਫਿਟਨੈੱਸ, ਮਨੋਰੰਜਨ ਤੇ ਸਮੁੱਚੀ ਤੰਦਰੁਸਤੀ ਲਈ ਖੇਡਾਂ ’ਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕਰੇਗੀ। ਭੰਬਰੀ ਨੇ ਇਸ ਆਧੁਨਿਕ ਖੇਡ ਸਹੂਲਤ ਦੀ ਸਥਾਪਨਾ ਲਈ ਏਜੀਆਈ ਇੰਫਰਾ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ, ਏਜੀਆਈ ਇਨਫਰਾਸਟ੍ਰੱਕਚਰ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ ਵਰਿੰਦਰ ਸਿੰਘ ਤੇ ਏਜੀਆਈ ਮੈਜੈਸਟਿਕ ਲਿਵਿੰਗ ਪ੍ਰਾਈਵੇਟ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਅਭਿਜੀਤ ਸਿੰਘ ਦਾ ਉਨ੍ਹਾਂ ਦੀ ਦੂਰਦਰਸ਼ੀ ਸੋਚ, ਉਤਸ਼ਾਹਵਰਧਕ ਅਤੇ ਅਟੱਲ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ। ਏਜੀਆਈ ਸਪੋਰਟਸ ਇੰਸਟੀਚਿਊਟ ਆਫ ਇੰਡੀਆ ਵਿਸ਼ਵ-ਪੱਧਰੀ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ, ਖੇਡ ਪ੍ਰਤਿਭਾ ਨੂੰ ਨਿਖਾਰਨ ਤੇ ਨੌਜਵਾਨਾਂ ਤੇ ਸਮਾਜ ’ਚ ਸਿਹਤਮੰਦ ਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।