ਜਲੰਧਰ (ਰਮੇਸ਼ ਗਾਬਾ) , ਸ਼ਹਿਰ ਵਿਚੋਂ ਲੰਘਦੇ ਕੌਮੀ ਰਾਜ ਮਾਰਗ ਨੰਬਰ-44 ਦੀ ਖਰਾਬ ਹਾਲਤ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਣਾਲੀ ਫੇਲ੍ਹ ਹੋਣ ਕਾਰਨ ਮੇਅਰ ਵਨੀਤ ਧੀਰ ਨੇ ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
ਮੇਅਰ ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਨਗਰ ਨਿਗਮ ਦੀ ਹੱਦ ਅੰਦਰ ਪੈਂਦੇ ਲਗਭਗ 19 ਕਿਲੋਮੀਟਰ ਲੰਬੇ ਐਨਐੱਚ-44 ਅਤੇ ਪੁਰਾਣੀ ਹੁਸ਼ਿਆਰਪੁਰ ਰੋਡ (ਲੰਮਾ ਪਿੰਡ ਇਲਾਕਾ) ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ। ਸੜਕ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ ਅਤੇ ਪਾਣੀ ਦੀ ਨਿਕਾਸੀ ਪ੍ਰਣਾਲੀ ਪੂਰੀ ਤਰ੍ਹਾਂ ਫੇਲ੍ਹ ਹੋਣ ਕਾਰਨ ਹਲਕੀ ਬਾਰਿਸ਼ ਦੌਰਾਨ ਵੀ ਸੜਕਾਂ ਅਤੇ ਸਰਵਿਸ ਲੇਨਾਂ ਵਿੱਚ ਪਾਣੀ ਭਰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਈ ਵਾਰ ਐਨਐੱਚਏਆਈ ਅਧਿਕਾਰੀਆਂ ਨੂੰ ਪੱਤਰ ਲਿਖਣ ਅਤੇ ਮੀਟਿੰਗਾਂ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸੈਂਟਰਲ ਵਰਜ ਟੁੱਟ ਚੁੱਕੀ ਹੈ, ਸਰਵਿਸ ਰੋਡਾਂ ਦੀ ਮੁਰੰਮਤ ਨਹੀਂ ਹੋਈ ਅਤੇ ਕਈ ਥਾਵਾਂ ’ਤੇ ਸਟਰੀਟ ਲਾਈਟਾਂ ਮਹੀਨਿਆਂ ਤੋਂ ਬੰਦ ਪਈਆਂ ਹਨ।
ਮੇਅਰ ਨੇ ਦੱਸਿਆ ਕਿ ਫੋਕਲ ਪੁਆਇੰਟ, ਇੰਡਸਟਰੀਅਲ ਏਰੀਆ, ਗਦਈਪੁਰ, ਰਾਜਾ ਗਾਰਡਨ ਅਤੇ ਲੰਮਾ ਪਿੰਡ ਤੋਂ ਜੰਡੂ ਸਿੰਘਾ ਰੋਡ ਤੱਕ ਦੇ ਇਲਾਕਿਆਂ ਵਿੱਚ ਸਥਿਤ ਉਦਯੋਗਾਂ ਨਾਲ ਜੁੜੇ ਕਰੀਬ ਇੱਕ ਲੱਖ ਲੋਕ ਹਰ ਮੌਨਸੂਨ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਪਾਣੀ ਭਰਨ ਅਤੇ ਟੋਇਆਂ ਕਾਰਨ ਕਈ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ।
ਐਨਐੱਚਏਆਈ ਦੀ ਉਦਾਸੀਨਤਾ ’ਤੇ ਜਤਾਈ ਨਾਰਾਜ਼ਗੀ
ਮੇਅਰ ਵਨੀਤ ਧੀਰ ਨੇ ਕੇਂਦਰੀ ਮੰਤਰੀ ਨੂੰ ਭੇਜੇ ਪੱਤਰ ਵਿੱਚ ਐਨਐੱਚਏਆਈ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਪਿਛਲੇ ਸਾਲ ਵੀ ਇਸ ਸਬੰਧੀ ਚਿੱਠੀ ਲਿਖੀ ਗਈ ਸੀ ਅਤੇ ਉਸ ਦੀ ਕਾਪੀ ਨਿਤਿਨ ਗਡਕਰੀ ਨੂੰ ਭੇਜੀ ਗਈ ਸੀ, ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਘੰਟੇ ਦੀ ਬਾਰਿਸ਼ ਤੋਂ ਬਾਅਦ ਹੀ ਸਰਵਿਸ ਰੋਡਾਂ ’ਤੇ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਤੁਰੰਤ ਦਖ਼ਲ ਦੇ ਕੇ ਸੜਕਾਂ ਦੀ ਮੁਰੰਮਤ ਅਤੇ ਨਿਕਾਸੀ ਪ੍ਰਣਾਲੀ ਨੂੰ ਠੀਕ ਕਰਵਾਇਆ ਜਾਵੇ।
ਮੇਅਰ ਨੇ ਇਹ ਵੀ ਕਿਹਾ ਕਿ ਇਸ ਰਾਜ ਮਾਰਗ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਮਰਨਾਥ ਯਾਤਰਾ ਅਤੇ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਹਜ਼ਾਰਾਂ ਸ਼ਰਧਾਲੂ ਲੰਘਦੇ ਹਨ। ਲੋਕ ਟੋਲ ਟੈਕਸ ਅਦਾ ਕਰਦੇ ਹਨ, ਫਿਰ ਵੀ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ।
ਟੋਏ ਭਰਨ ਅਤੇ ਨਿਕਾਸੀ ਸੁਧਾਰਨ ਦੇ ਦਿੱਤੇ ਹੁਕਮ
ਦੂਜੇ ਪਾਸੇ ਮੇਅਰ ਵਨੀਤ ਧੀਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਸਰਵਿਸ ਲੇਨਾਂ ਦੇ ਟੋਏ ਭਰਨ ਅਤੇ ਸੜਕਾਂ ਦੇ ਨੁਕਸਾਨੇ ਗਏ ਹਿੱਸਿਆਂ ਨੂੰ ਪੱਧਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਸੀ ਐਂਡ ਡੀ ਮਲਬਾ ਪਲਾਂਟ ਤੋਂ ਸਮੱਗਰੀ ਲਿਆ ਕੇ ਟੋਏ ਭਰੇ ਜਾਣਗੇ।
ਇਸ ਤੋਂ ਇਲਾਵਾ ਕਈ ਥਾਵਾਂ ’ਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸੜਕਾਂ ਤੋਂ ਮਿੱਟੀ ਹਟਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ। ਦੋਪਹੀਆ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਖਰਾਬ ਹਿੱਸਿਆਂ ਦੇ ਆਲੇ-ਦੁਆਲੇ ਬੈਰੀਕੇਡਿੰਗ ਵੀ ਕੀਤੀ ਜਾਵੇਗੀ।

More Stories
ਜਲੰਧਰ ’ਚ HSRP ਤੋਂ ਬਿਨਾਂ ਵਾਹਨਾਂ ਨੂੰ ਪੈਟਰੋਲ-ਡੀਜ਼ਲ ਨਹੀਂ ਮਿਲੇਗਾ
ਪਤੰਜਲੀ ਦੇ ਉਤਪਾਦਾਂ ’ਚ ਮਿਲਾਵਟ ਸਾਬਤ ਹੋਈ ਤਾਂ ਫਾਹੇ ਲਾ ਦੇਣਾ : ਰਾਮਦੇਵ ਨੇ ਮਿਲਾਵਟ ਦੇ ਦਾਅਵਿਆਂ ਨੂੰ ਸਾਜ਼ਿਸ਼ ਕਰਾਰ ਦਿੱਤਾ
*ਫੋਰਟਿਸ ਹਸਪਤਾਲ ਜਲੰਧਰ ਨੇ 111 ਸਫਲ ਸਟੇਮੀ STEMI ਇੰਟਰਵੈਂਸ਼ਨਾਂ ਦੇ ਨਾਲ ਇੱਕ ਵੱਡੀ ਉਪਲਬਧੀ ਹਾਸਲ ਕੀਤੀ, ਜਿਸ ਨਾਲ ਐਮਰਜੈਂਸੀ ਕਾਰਡਿਅਕ ਕੇਅਰ ਨੂੰ ਹੁਲਾਰਾ ਮਿਲਿਆ*