Batala News: ਘਰ ਦੇ ਵਿਹੜੇ ‘ਚ ਸੈਰ ਕਰ ਰਹੇ ਸਾਬਕਾ ਸਰਪੰਚ ‘ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਡੀਐਸਪੀ ਤੇ ਐਸਐਚਓ ਮੌਕੇ ਤੇ ਪੁੱਜੇ; ਜਾਂਚ ਸ਼ੁਰੂ

Batala News: ਘਰ ਦੇ ਵਿਹੜੇ 'ਚ ਸੈਰ ਕਰ ਰਹੇ ਸਾਬਕਾ ਸਰਪੰਚ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ,  ਡੀਐਸਪੀ ਤੇ ਐਸਐਚਓ ਮੌਕੇ ਤੇ ਪੁੱਜੇ; ਜਾਂਚ ਸ਼ੁਰੂTLT NEWS/ ਬਟਾਲਾ ਦੇ ਨਜ਼ਦੀਕੀ ਪਿੰਡ ਕਿਲਾ ਲਾਲ ਸਿੰਘ ਵਿਖੇ ਆਪਣੇ ਘਰ ਦੇ ਵਿਹੜੇ ‘ਚ ਸੈਰ ਕਰ ਰਹੇ ਸਾਬਕਾ ਸਰਪੰਚ ‘ਤੇ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਹਨ। ਸਾਬਕਾ ਸਰਪੰਚ ‘ਤੇ ਗੋਲੀਆਂ ਸ਼ਨਿਚਰਵਾਰ ਦੀ ਤੜਕਸਾਰ ਸਵੇਰੇ 5:30 ਵਜੇ ਚੱਲੀਆਂ ਹਨ, ਜਦ ਉਹ ਆਪਣੇ ਘਰ ਦੇ ਵਿਹੜੇ ‘ਚ ਸੈਰ ਕਰ ਰਹੇ ਸੀ। ਇਸ ਗੋਲੀਬਾਰੀ ਦੌਰਾਨ ਸਾਬਕਾ ਸਰਪੰਚ ਦਾ ਵਾਲ-ਵਾਲ ਬਚਾਅ ਹੋ ਗਿਆ ਹੈ। ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਲਲਿਤ ਕੁਮਾਰ ਅਤੇ ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਇੰਸਪੈਕਟਰ ਪ੍ਰਭਜੋਤ ਸਿੰਘ ਮੌਕੇ ‘ਤੇ ਪਹੁੰਚ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਸਬੀਰ ਸਿੰਘ ਗਿੱਲ ਜੋ ਕਿ ਅਕਾਲੀ ਦਲ ਪਾਰਟੀ ਨਾਲ ਸੰਬੰਧ ਰੱਖਦੇ ਹਨ ਨੇ ਦੱਸਿਆ ਕਿ ਬੀਤੇ ਦਿਨੀਂ ਉਹਨਾਂ ਨੂੰ ਦੋ ਵਾਰ ਫੋਨ ‘ਤੇ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਇਸ ਸਬੰਧੀ ਉਹਨਾਂ ਨੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਸੂਚਿਤ ਵੀ ਕੀਤਾ ਸੀ। ਉਹਨਾਂ ਦੱਸਿਆ ਸ਼ਨਿਚਰਵਾਰ ਦੀ ਸਵੇਰ 5 ਵਜਕੇ 5 ਮਿੰਟ ਦੇ ਕਰੀਬ ਉਹ ਆਪਣੇ ਵਿਹੜੇ ‘ਚ ਸੈਰ ਕਰ ਰਹੇ ਸਨ ਕਿ ਮੋਟਰਸਾਈਕਲ ਤੇ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਗਲੀ ਵਿੱਚ ਖੜੇ ਕੇ ਉਸ ਉੱਤੇ ਫਾਇਰੰਗ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਗੋਲੀਬਾਰੀ ਦੌਰਾਨ ਉਹਨਾਂ ਦਾ ਮਸਾ ਹੀ ਬਚਾ ਹੋਇਆ ਹੈ। ਉਹਨਾਂ ਦੱਸਿਆ ਕਿ ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸਾਬਕਾ ਸਰਪੰਚ ਨੇ ਦੱਸਿਆ ਕਿ ਗੋਲੀਬਾਰੀ ਸਬੰਧੀ ਉਹਨਾਂ ਨੇ ਤੁਰੰਤ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੂੰ ਸੂਚਿਤ ਕੀਤਾ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਫਤਿਹਗੜ੍ਹ ਚੂੜੀਆਂ ਲਲਿਤ ਕੁਮਾਰ ਅਤੇ ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਪ੍ਰਭਜੋਤ ਸਿੰਘ ਵੀ ਮੌਕੇ ‘ਤੇ ਪਹੁੰਚ ਗਏ। ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਗੋਲੀਬਾਰੀ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਇਸ ਘਟਨਾ ਦੇ ਨਾਲ ਸਾਬਕਾ ਸਰਪੰਚ ਦੇ ਪਰਿਵਾਰ ਵਿੱਚ ਸਹਿਮ ਪਾਇਆ ਜਾ ਰਿਹਾ ਹੈ।