ਚੰਡੀਗੜ੍ਹ, TLT NEWS – ਸਾਲ 2023 ਵਿਚ ਕੈਨੇਡਾ ਦੇ ਹਵਾਈ ਅੱਡੇ ‘ਤੇ ਹੋਈ ਕਰੀਬ 400 ਕਿਲੋ ਸੋਨੇ ਦੀ ਚਰਚਿਤ ਲੁੱਟ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਸ਼ੇਸ਼ ਅਦਾਲਤ ਵਿਚ ਆਪਣੀ ਪਹਿਲੀ ਅਤੇ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਕਰੀਬ 1500 ਤੋਂ 1600 ਪੰਨਿਆਂ ਦੀ ਇਸ ਚਾਰਜਸ਼ੀਟ ਵਿਚ ਸੋਨੇ ਦੀ ਲੁੱਟ ਤੋਂ ਲੈ ਕੇ ਕਥਿਤ ਤੌਰ ‘ਤੇ ਮਨੀ ਲਾਂਡਰਿੰਗ ਦੇ ਪੂਰੇ ਨੈੱਟਵਰਕ ਅਤੇ ਧਨ ਦੇ ਲੈਣ-ਦੇਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।
ਈਡੀ ਦੇ ਅਸਿਸਟੈਂਟ ਡਾਇਰੈਕਟਰ ਕਨੂਜ ਸ਼ੇਰਾ ਵਲੋਂ ਦਾਇਰ ਚਾਰਜਸ਼ੀਟ ਵਿਚ ਸ਼ੁਰੂਆਤੀ ਤੌਰ ‘ਤੇ ਦੋ ਵਿਅਕਤੀਆਂ ਸੰਦੀਪ ਕੁਮਾਰ ਅਤੇ ਅਖਿਲ ਰਾਵਤ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਫਰਮਾਂ ਐੱਮ/ਐੱਸ ਵਿਕਟਰੀ ਟਰੇਡਰਜ਼ ਅਤੇ ਐੱਮ/ਐੱਸ ਬਲੈਕ ਚਿੱਲੀ ਰੀਅਲ ਐਸਟੇਟ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਵਿਸ਼ੇਸ਼ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 21 ਜੁਲਾਈ ਲਈ ਨਿਰਧਾਰਤ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਦਾ ਅਹਿਲਮਦ ਚਾਰਜਸ਼ੀਟ ਦਾ ਅਧਿਐਨ ਕਰਕੇ ਇਸ ਦੀ ਰਸਮੀ ਪੁਸ਼ਟੀ ਕਰੇਗਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਈਡੀ ਵਲੋਂ ਚੰਡੀਗੜ੍ਹ ਅਤੇ ਪੰਜਾਬ ਸਮੇਤ ਵੱਖ-ਵੱਖ ਥਾਵਾਂ ‘ਤੇ ਕਈ ਛਾਪੇਮਾਰ ਕਾਰਵਾਈਆਂ ਕੀਤੀਆਂ ਗਈਆਂ ਸਨ।
ਇਸੇ ਲੜੀ ਤਹਿਤ ਕੈਨੇਡਾ ਤੋਂ ਭਾਰਤ ਆਏ ਏਅਰਪੋਰਟ ਮੈਨੇਜਰ ਸਿਮਰਨਪ੍ਰੀਤ ਪਨੇਸਰ ਦੇ ਠਿਕਾਣਿਆਂ ‘ਤੇ ਵੀ ਤਲਾਸ਼ੀ ਲਈ ਗਈ ਸੀ। ਸੂਤਰਾਂ ਅਨੁਸਾਰ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਚਾਰਜਸ਼ੀਟ ਵਿਚ ਲੁੱਟੇ ਗਏ ਸੋਨੇ ਨੂੰ ਠਿਕਾਣੇ ਲਗਾਉਣ ਅਤੇ ਉਸ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਦੇ ਪੂਰੇ ਢਾਂਚੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਦਾਲਤ ਅੱਗੇ ਪੇਸ਼ ਕੀਤੀ ਗਈ ਹੈ। ਜਿਵੇਂ ਜਿਵੇਂ ਇਸ ਮਾਮਲੇ ਦੀ ਜਾਂਚ ਅੱਗੇ ਵਧੇਗੀ ਉਸੇ ਤਰ੍ਹਾਂ ਹੀ ਹੋਰ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ