ਜਲੰਧਰ ‘ਚ ਈ-ਚਾਲਾਨ ਜਾਰੀ, ਪਰ ਬੰਦ ਟ੍ਰੈਫਿਕ ਸਿਗਨਲਾਂ ਕਾਰਨ ਲੋਕ ਪਰੇਸ਼ਾਨ

ਸਿਗਨਲ ਬੰਦ, ਈ-ਚਾਲਾਨ ਜਾਰੀ : ਚਿੱਠੀਆਂ ਪਾਉਣ ਮਗਰੋਂ ਨਹੀਂ ਜਾਗਿਆ ਨਿਗਮਜਲੰਧਰ:(ਰਮੇਸ਼ ਗਾਬਾ) ਸ਼ਹਿਰ ਵਿੱਚ ਇੱਕ ਪਾਸੇ ਕਰੋੜਾਂ ਰੁਪਏ ਦੀ ਲਾਗਤ ਨਾਲ ਲਾਗੂ ਕੀਤੀ ਗਈ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈਟੀਐੱਮਐੱਸ) ਰਾਹੀਂ ਰੋਜ਼ਾਨਾ ਈ-ਚਾਲਾਨ ਜਾਰੀ ਹੋ ਰਹੇ ਹਨ, ਜਦਕਿ ਦੂਜੇ ਪਾਸੇ ਕਈ ਮੁੱਖ ਚੌਰਾਹਿਆਂ ‘ਤੇ ਟ੍ਰੈਫਿਕ ਸਿਗਨਲ ਬੰਦ ਜਾਂ ਖਰਾਬ ਪਏ ਹਨ। ਇਸ ਕਾਰਨ ਵਾਹਨ ਚਾਲਕਾਂ ਨੂੰ ਹਰ ਰੋਜ਼ ਜਾਮ, ਹਾਦਸਿਆਂ ਦੇ ਖਤਰੇ ਅਤੇ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸ਼ਹਿਰ ਦੇ ਬੀਐੱਮਸੀ ਚੌਕ, ਭਗਵਾਨ ਵਾਲਮੀਕਿ ਚੌਕ, ਪਠਾਨਕੋਟ ਚੌਕ, ਵਰਕਸ਼ਾਪ ਚੌਕ, ਮਕਸੂਦਾਂ ਸਮੇਤ ਕਈ ਰੁਸ਼ ਵਾਲੇ ਚੌਰਾਹਿਆਂ ‘ਤੇ ਟ੍ਰੈਫਿਕ ਲਾਈਟਾਂ ਅਕਸਰ ਖਰਾਬ ਰਹਿੰਦੀਆਂ ਹਨ। ਮੀਂਹ ਅਤੇ ਤੇਜ਼ ਹਵਾਵਾਂ ਤੋਂ ਬਾਅਦ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ, ਜਿਸ ਨਾਲ ਟ੍ਰੈਫਿਕ ਜਾਮ ਅਤੇ ਹਾਦਸਿਆਂ ਦੀ ਸੰਭਾਵਨਾ ਵੱਧ ਜਾਂਦੀ ਹੈ।

ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਸਿਗਨਲ ਹੀ ਬੰਦ ਹੋਣ ਤਾਂ ਸਮਝ ਨਹੀਂ ਆਉਂਦੀ ਕਿ ਵਾਹਨ ਰੋਕਿਆ ਜਾਵੇ ਜਾਂ ਅੱਗੇ ਲੰਘਿਆ ਜਾਵੇ। ਕਈ ਥਾਵਾਂ ‘ਤੇ ਟ੍ਰੈਫਿਕ ਪੁਲਿਸ ਦੀ ਗੈਰਹਾਜ਼ਰੀ ਕਾਰਨ ਲੋਕ ਆਪਣੀ ਮਰਜ਼ੀ ਨਾਲ ਵਾਹਨ ਕੱਢਦੇ ਹਨ, ਜਿਸ ਨਾਲ ਹਫੜਾ-ਦਫੜੀ ਦਾ ਮਾਹੌਲ ਬਣ ਜਾਂਦਾ ਹੈ।

ਈ-ਚਾਲਾਨ ਸਿਸਟਮ ਪੂਰੀ ਤਰ੍ਹਾਂ ਸਰਗਰਮ

ਪਿਛਲੇ ਸਾਲ ਸਤੰਬਰ ਵਿੱਚ 42 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤੇ ਗਏ ਆਈਟੀਐੱਮਐੱਸ ਪ੍ਰੋਜੈਕਟ ਤਹਿਤ ਸ਼ਹਿਰ ਦੇ 13 ਮੁੱਖ ਚੌਰਾਹਿਆਂ ‘ਤੇ 142 ਹਾਈ-ਰਿਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿੱਚ ਰੈੱਡ ਲਾਈਟ ਵਾਇਲੇਸ਼ਨ, ਆਟੋਮੈਟਿਕ ਨੰਬਰ ਪਲੇਟ ਰਿਕਗਨਿਸ਼ਨ ਅਤੇ ਸਪੀਡ ਮਾਨੀਟਰਿੰਗ ਸਿਸਟਮ ਸ਼ਾਮਲ ਹਨ। ਟ੍ਰੈਫਿਕ ਪੁਲਿਸ ਅਨੁਸਾਰ ਮੌਜੂਦਾ ਸਮੇਂ ਰੋਜ਼ਾਨਾ ਔਸਤ ਕਰੀਬ 200 ਈ-ਚਾਲਾਨ ਜਾਰੀ ਕੀਤੇ ਜਾ ਰਹੇ ਹਨ।

ਟ੍ਰੈਫਿਕ ਪੁਲਿਸ ਨੇ ਨਿਗਮ ਨੂੰ ਕਈ ਵਾਰ ਲਿਖਿਆ

ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਨੇ ਦੱਸਿਆ ਕਿ ਖਰਾਬ ਟ੍ਰੈਫਿਕ ਸਿਗਨਲਾਂ ਬਾਰੇ ਨਗਰ ਨਿਗਮ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਂਹ ਅਤੇ ਹਨੇਰੀ ਤੋਂ ਬਾਅਦ ਕਈ ਸਿਗਨਲ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਮੁਰੰਮਤ ਵਿੱਚ ਦੇਰੀ ਕਾਰਨ ਟ੍ਰੈਫਿਕ ਪ੍ਰਬੰਧ ਪ੍ਰਭਾਵਿਤ ਹੁੰਦੇ ਹਨ।

ਸਮਾਰਟ ਟ੍ਰੈਫਿਕ ਸਿਸਟਮ ਲਿਆਉਣ ਦੀ ਤਿਆਰੀ

ਨਗਰ ਨਿਗਮ ਦੇ ਏਸੀ ਜਸਪਾਲ ਸਿੰਘ ਨੇ ਕਿਹਾ ਕਿ ਪੁਰਾਣੇ ਟ੍ਰੈਫਿਕ ਸਿਗਨਲਾਂ ਨੂੰ ਪੜਾਅਵਾਰ ਨਵੇਂ ਸਮਾਰਟ ਸਿਸਟਮ ਨਾਲ ਜੋੜਿਆ ਜਾਵੇਗਾ। ਇਸ ਵਿੱਚ ਰਿਮੋਟ ਮਾਨੀਟਰਿੰਗ, ਆਟੋਮੈਟਿਕ ਫਾਲਟ ਡਿਟੈਕਸ਼ਨ ਅਤੇ ਬੈਕਅਪ ਪਾਵਰ ਵਰਗੀਆਂ ਆਧੁਨਿਕ ਸਹੂਲਤਾਂ ਸ਼ਾਮਲ ਹੋਣਗੀਆਂ, ਤਾਂ ਜੋ ਖਰਾਬੀ ਨੂੰ ਤੁਰੰਤ ਦੂਰ ਕੀਤਾ ਜਾ ਸਕੇ।

ਰੋਡ ਸੇਫਟੀ ਕਮੇਟੀ ਨੇ ਚੁੱਕੇ ਸਵਾਲ

ਰੋਡ ਸੇਫਟੀ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਕਿਹਾ ਕਿ ਸਿਰਫ਼ ਈ-ਚਾਲਾਨ ਪ੍ਰਣਾਲੀ ਲਾਗੂ ਕਰਨ ਨਾਲ ਟ੍ਰੈਫਿਕ ਵਿਵਸਥਾ ਨਹੀਂ ਸੁਧਰੇਗੀ। ਇਸ ਲਈ ਟ੍ਰੈਫਿਕ ਸਿਗਨਲ, ਸੜਕ ਸੰਕੇਤ, ਪੁਲਿਸ ਬਲ ਅਤੇ ਤਕਨੀਕੀ ਪ੍ਰਣਾਲੀ ਦਾ ਇੱਕੋ ਸਮੇਂ ਸੁਚਾਰੂ ਢੰਗ ਨਾਲ ਕੰਮ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਕਈ ਵਾਰ ਮੀਟਿੰਗਾਂ ਵਿੱਚ ਵੀ ਉਠਾਇਆ ਗਿਆ ਹੈ, ਪਰ ਨਗਰ ਨਿਗਮ ਵੱਲੋਂ ਹਾਲੇ ਤੱਕ ਕੋਈ ਠੋਸ ਹੱਲ ਨਹੀਂ ਕੀਤਾ ਗਿਆ।