ਬਰਸਾਤ ਕਾਰਨ ਜਲੰਧਰ ਦੇ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਈ ਮੰਦ, ਡੈੱਡਲਾਈਨ ਮੁੜ ਵਧਣ ਦੇ ਆਸਾਰ

ਜਲੰਧਰ, 26 ਜੁਲਾਈ (ਰਮੇਸ਼ ਗਾਬਾ) : ਜਲੰਧਰ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਲਗਾਤਾਰ ਹੋ ਰਹੀ ਬਰਸਾਤ ਅਤੇ ਖ਼ਰਾਬ ਮੌਸਮ ਕਾਰਨ ਨਿਰਧਾਰਿਤ ਸਮੇਂ ਅੰਦਰ ਪੂਰੇ ਨਹੀਂ ਹੋ ਸਕੇ। ਮੇਅਰ ਵਨੀਤ ਧੀਰ ਵੱਲੋਂ ਪਹਿਲਾਂ 30 ਜੂਨ ਤੱਕ ਸੜਕਾਂ ਅਤੇ ਹੋਰ ਵਿਕਾਸ ਕੰਮ ਮੁਕੰਮਲ ਕਰਨ ਦੀ ਹਦਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਿਆਦ ਵਧਾ ਕੇ 31 ਜੁਲਾਈ ਕਰ ਦਿੱਤੀ ਗਈ। ਪਰ ਮੌਸਮ ਦੀ ਮਾਰ ਕਾਰਨ ਹੁਣ ਇਹ ਸਮਾਂ-ਸੀਮਾ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਨਿਗਮ ਦੇ ਸੂਤਰਾਂ ਅਨੁਸਾਰ ਕੈਂਟ, ਵੈਸਟ, ਨਾਰਥ ਅਤੇ ਸੈਂਟਰਲ ਵਿਧਾਨ ਸਭਾ ਹਲਕਿਆਂ ਵਿੱਚ ਵਿਕਾਸ ਕਾਰਜ ਜਾਰੀ ਹਨ, ਪਰ ਲਗਾਤਾਰ ਮੀਂਹ ਕਾਰਨ ਕੰਮਾਂ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ ਹੈ। ਮਾਡਲ ਟਾਊਨ ਅਤੇ 66 ਫੁੱਟੀ ਰੋਡ ਸਮੇਤ ਕਈ ਇਲਾਕਿਆਂ ਵਿੱਚ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮ ਚੱਲ ਰਹੇ ਹਨ, ਪਰ ਮੌਸਮ ਰੁਕਾਵਟ ਬਣਿਆ ਹੋਇਆ ਹੈ।

ਠੇਕੇਦਾਰਾਂ ਦਾ ਕਹਿਣਾ ਹੈ ਕਿ ਹਲਕੀ ਬਰਸਾਤ ਦੌਰਾਨ ਵੀ ਜਦੋਂ ਕੰਮ ਜਾਰੀ ਰੱਖਿਆ ਜਾਂਦਾ ਹੈ ਤਾਂ ਲੋਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕੰਮ ਰੋਕਣਾ ਪੈਂਦਾ ਹੈ।

ਮੇਅਰ ਵਨੀਤ ਧੀਰ ਨੇ ਕਿਹਾ ਕਿ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਨਿਰਧਾਰਿਤ ਸਮੇਂ ਵਿੱਚ ਕੰਮ ਮੁਕੰਮਲ ਕਰਨ ਲਈ ਕਈ ਵਾਰ ਹਦਾਇਤਾਂ ਦਿੱਤੀਆਂ ਗਈਆਂ ਹਨ, ਪਰ ਮੌਸਮ ਦੀ ਖ਼ਰਾਬੀ ਕਾਰਨ ਇਹ ਟੀਚੇ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਹੈ।

ਨਿਗਮ ਦੇ ਬੀਐਂਡਆਰ ਬ੍ਰਾਂਚ ਦੇ ਐੱਸ.ਈ. ਰਜਨੀਸ਼ ਡੋਗਰਾ ਨੇ ਦੱਸਿਆ ਕਿ ਸੜਕਾਂ ਦੀ ਉਸਾਰੀ ਲਈ ਤਾਪਮਾਨ ਅਨੁਕੂਲ ਹੈ, ਪਰ ਜਿਵੇਂ ਹੀ ਬਰਸਾਤ ਸ਼ੁਰੂ ਹੁੰਦੀ ਹੈ, ਚੱਲ ਰਹੇ ਕੰਮ ਰੋਕਣੇ ਪੈਂਦੇ ਹਨ ਅਤੇ ਨਵੇਂ ਕੰਮ ਵੀ ਸ਼ੁਰੂ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਫੰਡਾਂ ਦੀ ਕੋਈ ਘਾਟ ਨਹੀਂ ਹੈ, ਪਰ ਮੌਸਮ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ ਪੰਜਾਬ ਮਿਊਂਸੀਪਲ ਡਿਵੈਲਪਮੈਂਟ ਫੰਡ ਤਹਿਤ ਲਗਭਗ 58 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਫਿਰ ਵੀ ਬਰਸਾਤ ਕਾਰਨ ਨਿਰਧਾਰਿਤ ਟੀਚਿਆਂ ਨੂੰ ਸਮੇਂ ਸਿਰ ਹਾਸਲ ਕਰਨਾ ਚੁਣੌਤੀ ਬਣਿਆ ਹੋਇਆ ਹੈ।