ਜਲੰਧਰ : ਦਮੋਰੀਆ ਪੁਲ ‘ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਸ਼ੁਰੂ, ਦੋ ਮਹੀਨੇ ਤੱਕ ਹੇਠਾਂ ਦਾ ਰਸਤਾ ਰਹੇਗਾ ਬੰਦ

ਦਮੋਰੀਆ ਪੁਲ ’ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਦਾ ਕੰਮ ਜਾਰੀਜਲੰਧਰ:ਰਮੇਸ਼ ਗਾਬਾ / ਸ਼ਹਿਰ ਦੇ ਇਤਿਹਾਸਕ ਦਮੋਰੀਆ ਪੁਲ ‘ਤੇ ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਭਗ ਦੋ ਮਹੀਨੇ ਵਿੱਚ ਇਹ ਕੰਮ ਮੁਕੰਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਪੁਲ ਦੇ ਹੇਠਾਂ ਵਾਲਾ ਰਸਤਾ ਪੂਰੀ ਤਰ੍ਹਾਂ ਬੰਦ ਰਹੇਗਾ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਰਓਬੀ (ROB) ਰਾਹੀਂ ਆਵਾਜਾਈ ਕਰਨੀ ਪਵੇਗੀ।

ਇਸ ਪ੍ਰਾਜੈਕਟ ਕਾਰਨ ਰੇਲਵੇ ਲਾਈਨ ਹੇਠਾਂ ਲੱਗਣ ਵਾਲੇ ਕੰਕਰੀਟ ਸਪੈਨ ਦਾ ਕੰਮ ਵੀ ਕੁਝ ਸਮੇਂ ਲਈ ਟਲ ਗਿਆ ਹੈ। ਹਾਲਾਂਕਿ ਰੇਲਵੇ ਵੱਲੋਂ ਸਪੈਨ ਪਹਿਲਾਂ ਹੀ ਤਿਆਰ ਕਰਕੇ ਰੱਖੇ ਗਏ ਹਨ, ਪਰ ਰੇਨ ਵਾਟਰ ਹਾਰਵੈਸਟਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਹੀ ਇਹ ਵਿਛਾਏ ਜਾਣਗੇ। ਸਪੈਨ ਲਗਾਉਣ ਲਈ ਰੇਲਵੇ ਨੂੰ ਬਲਾਕ ਲੈਣਾ ਪਵੇਗਾ, ਜਿਸ ਕਾਰਨ 6 ਤੋਂ 7 ਮੁੱਖ ਰੇਲ ਗੱਡੀਆਂ ਨੂੰ ਰੱਦ ਕਰਨਾ ਪੈ ਸਕਦਾ ਹੈ।

ਰੇਲਵੇ ਦੀਆਂ ਗਾਈਡਲਾਈਨਾਂ ਅਨੁਸਾਰ ਇਹ ਪ੍ਰਾਜੈਕਟ ਰੇਲਵੇ ਲਾਈਨਾਂ ਤੋਂ 12 ਮੀਟਰ ਦੀ ਦੂਰੀ ‘ਤੇ ਲਗਾਇਆ ਜਾ ਰਿਹਾ ਹੈ। ਇਸ ਅਧੀਨ ਕੁੱਲ 5 ਰੇਨ ਵਾਟਰ ਹਾਰਵੈਸਟਿੰਗ ਯੂਨਿਟ ਸਥਾਪਿਤ ਕੀਤੇ ਜਾਣਗੇ। ਇਨ੍ਹਾਂ ਵਿੱਚੋਂ 3 ਯੂਨਿਟ ਦਮੋਰੀਆ ਪੁਲ ਦੇ ਤਿੰਨ ਪਾਸਿਆਂ ਤੋਂ ਆਉਣ ਵਾਲੇ ਮੀਂਹ ਦੇ ਪਾਣੀ ਨੂੰ ਪਾਈਪਾਂ ਰਾਹੀਂ ਜ਼ਮੀਨ ਵਿੱਚ ਰੀਚਾਰਜ ਕਰਨਗੇ।

ਅਧਿਕਾਰੀਆਂ ਮੁਤਾਬਕ ਪੁਲ ਵਿੱਚ ਇਕੱਠੇ ਹੋਣ ਵਾਲੇ ਪਾਣੀ ਵਿੱਚ ਲਗਭਗ 10 ਤੋਂ 15 ਫ਼ੀਸਦੀ ਸੀਵਰੇਜ ਦਾ ਪਾਣੀ ਹੁੰਦਾ ਹੈ, ਜਦਕਿ ਬਾਕੀ ਮੀਂਹ ਦਾ ਪਾਣੀ ਇਸ ਪ੍ਰਾਜੈਕਟ ਰਾਹੀਂ ਜ਼ਮੀਨ ਵਿੱਚ ਸੰਭਾਲਿਆ ਜਾਵੇਗਾ। ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਸੰਬੰਧਤ ਕੰਪਨੀ ਵੱਲੋਂ ਤਿੰਨ ਸਾਲ ਤੱਕ ਇਸ ਦੀ ਆਪਰੇਸ਼ਨ ਅਤੇ ਮੇਨਟੇਨੈਂਸ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਵੇਗੀ।