TLT NEWS/ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ‘ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰ ਤੇ ਇਨਸਾਫ਼ ਕਮੇਟੀ ਦੇ ਧਰਨੇ ਦਾ ਅੱਜ 16ਵਾਂ ਦਿਨ। ਪਰਿਵਾਰ ਤੇ ਕਮੇਟੀ ਆਪਣੀਆਂ ਕੁਝ ਮੰਗਾਂ ਤੇ ਅੜੇ ਹੋਏ ਹਨ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਪੀਲ ਤੇ ਅੱਜ, 28 ਅਕਤੂਬਰ ਨੂੰ ਪੰਜਾਬ ਭਰ ਦੇ ਗੁਰਦੁਆਰਿਆਂ ਵਿੱਚ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਅਰਦਾਸ ਕੀਤੀ ਜਾਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 28 ਅਕਤੂਬਰ ਨੂੰ ਗੁਰਦੁਆਰਿਆਂ ‘ਚ ਅਰਦਾਸ ਦੀ ਅਪੀਲ ਕਰਨ ਲਈ ਕਮੇਟੀ ਨੇ ਧੰਨਵਾਦ ਕੀਤਾ ਹੈ। ਕਮੇਟੀ ਮੁਤਾਬਕ ਅਰਦਾਸ ਤੋਂ ਬਾਅਦ ਅੰਦੋਲਨ ਦੀ ਅਗਲੀ ਰਣਨੀਤੀ ਤੇ ਅਗਲੇ ਕਦਮਾਂ ਬਾਰੇ ਐਲਾਨ ਕੀਤਾ ਜਾਵੇਗਾ।
ਸੀਬੀਆਈ ਕਰ ਰਹੀ ਜਾਂਚ
ਮਾਮਲੇ ਦੀ ਜਾਂਚ ਹੁਣ ਸੀਬੀਆਈ ਕਰ ਰਹੀ ਹੈ। ਜਾਂਚ ਏਜੰਸੀ ਨੇ ਨਵੀਂ ਐੱਫਆਈਆਰ ਦਰਜ ਕੀਤੀ ਹੈ ਤੇ ਪਰਿਵਾਰ ਦੇ ਬਿਆਨ ਦਰਜ ਕਰਨ ਦੇ ਨਾਲ ਮੁਲਜ਼ਮਾਂ ਨਾਲ ਸਬੰਧਤ ਥਾਵਾਂ ਦੀ ਜਾਂਚ ਵੀ ਕੀਤੀ ਹੈ। ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਦੀ ਟੀਮ ਨੇ ਸੋਮਵਾਰ ਨੂੰ ਮਾਨਸਾ ਦੇ ਵੀਰ ਨਗਰ ਇਲਾਕੇ ‘ਚ ਦੋ ਮੈਡੀਕਲ ਸਟੋਰਾਂ ਦੇ ਗੋਦਾਮਾਂ ਦੀ ਤਲਾਸ਼ੀ ਲਈ। ਏਜੰਸੀ ਇਸ ਮਾਮਲੇ ਨਾਲ ਜੁੜੇ ਵੱਖ-ਵੱਖ ਟਿਕਾਣਿਆਂ ਤੇ ਜਾਂਚ ਕਰ ਰਹੀ ਹੈ।
ਪਰਿਵਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵੀ ਸਮਰਥਨ ਦੀ ਅਪੀਲ
ਇਨਸਾਫ਼ ਕਮੇਟੀ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਪੱਤਰ ਲਿਖ ਕੇ ਧਰਨੇ ‘ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ: ਮੁੱਖ ਮੰਤਰੀ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਨੇ ਪਰਿਵਾਰ ਤੇ ਕਮੇਟੀ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨ ਲਈਆਂ ਹਨ। ਹਾਲਾਂਕਿ, ਇਨਸਾਫ਼ ਕਮੇਟੀ ਦਾ ਦਾਅਵਾ ਹੈ ਕਿ ਉਨ੍ਹਾਂ ਦੀਆਂ 14 ਮੰਗਾਂ ‘ਚੋਂ ਸਿਰਫ਼ ਦੋ ਤੇ ਹੀ ਕਾਰਵਾਈ ਹੋਈ ਹੈ ਤੇ ਅਧਿਕਾਰਤ ਪੱਤਰ ਮਿਲੇ ਹਨ। ਇਨ੍ਹਾਂ ‘ਚ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣਾ ਤੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਸਬੰਧੀ ਪੱਤਰ ਜਾਰੀ ਕਰਨਾ ਸ਼ਾਮਲ ਹੈ। ਕਮੇਟੀ ਮੁਤਾਬਕ ਬਾਕੀ ਮੰਗਾਂ ਬਾਰੇ ਸਰਕਾਰ ਨੇ ਸਿਰਫ਼ ਜ਼ੁਬਾਨੀ ਭਰੋਸਾ ਦਿੱਤਾ ਹੈ, ਪਰ ਲਿਖਤੀ ਹੁਕਮ ਜਾਰੀ ਨਹੀਂ ਕੀਤੇ ਗਏ।

More Stories
ਪੰਜਾਬ ਮੀਡੀਆ ਐਸੋਸੀਏਸ਼ਨ ਦੀ ਵੈੱਬਸਾਈਟ ਲਾਂਚ
ਭੰਮੇ ਕਲਾਂ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ, ਪਰਿਵਾਰ ਦਾ ਦਾਅਵਾ- ‘ਓਵਰਡੋਜ਼ ਨਾਲ ਹੋਈ ਮੌਤ’, ਪੁਲਿਸ ‘ਤੇ ਲਾਸ਼ ਧੱਕੇਸ਼ਾਹੀ ਨਾਲ ਚੁੱਕਣ ਦੇ ਦੋਸ਼
ਪੰਜਾਬ ‘ਚ ਹੁਣ ਨਹੀਂ ਮਿਲਣਗੀਆਂ ਪ੍ਰੇਗਾਬਾਲਿਨ ਸਮੇਤ ਆਦਤ ਪਾਉਣ ਵਾਲੀਆਂ ਦਵਾਈਆਂ? ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ