ਜਲੰਧਰ ਦੇ ਡੀਸੀ ਪਾਰਕ ਵਿਖੇ ‘ਫਿਟ ਸੈਂਟਰਲ’ ਦੀਆਂ ਕੰਧਾਂ ਦਾ ਉਦਘਾਟਨ, ਨਿਤਿਨ ਕੋਹਲੀ ਨੇ ਖੇਡਾਂ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦਾ ਦਿੱਤਾ ਸੰਦੇਸ਼

ਜਲੰਧਰ, (ਰਮੇਸ਼ ਗਾਬਾ): : ਜਲੰਧਰ ਦੇ ਬਰਲਟਨ ਪਾਰਕ ਵਿਖੇ ਚੱਲ ਰਹੀ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਵਿਚਕਾਰ, ਡੀਸੀ ਪਾਰਕ ਵਿਖੇ ਫਿਟ ਸੈਂਟਰਲ ਦੀਆਂ ਕੰਧਾਂ ਦਾ ਉਦਘਾਟਨ ਕੀਤਾ ਗਿਆ। ਇਸ ਦਾ ਉਦੇਸ਼ ਇਸ ਸੰਦੇਸ਼ ਨੂੰ ਮਜ਼ਬੂਤ ਕਰਨਾ ਹੈ ਕਿ ਖੇਡਾਂ ਅਤੇ ਤੰਦਰੁਸਤੀ ਰੋਜ਼ਾਨਾ ਸ਼ਹਿਰੀ ਜੀਵਨ ਦਾ ਅਨਿੱਖੜਵਾਂ ਅੰਗ ਹੋਣੀਆਂ ਚਾਹੀਦੀਆਂ ਹਨ। ਇਸ ਉਦਘਾਟਨ ਸਮਾਰੋਹ ਵਿੱਚ ਖੇਡ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਹਾਕੀ ਜਗਤ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਜੋ ਖੇਡਾਂ, ਤੰਦਰੁਸਤੀ ਅਤੇ ਨਾਗਰਿਕ ਮਾਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

ਇਹ ਪਹਿਲ ਫਿਟ ਸੈਂਟਰਲ ਮੁਹਿੰਮ ਦਾ ਹਿੱਸਾ ਹੈ, ਜਿਸ ਦੀ ਅਗਵਾਈ ਨਿਤਿਨ ਕੋਹਲੀ, ਪ੍ਰਧਾਨ ਹਾਕੀ ਪੰਜਾਬ, ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਹਾਕੀ ਇੰਡੀਆ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਵੱਲੋਂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਹਲਕੇ ਭਰ ਵਿੱਚ ਖੇਡਾਂ, ਤੰਦਰੁਸਤੀ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਉਦਘਾਟਨ ਸਮਾਰੋਹ ਵਿੱਚ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਭੋਲਾ ਨਾਥ ਸਿੰਘ, ਭਾਰਤੀ ਟੀਮ ਦੇ ਮੁੱਖ ਚੋਣਕਾਰ ਸ੍ਰੀ ਆਰ.ਪੀ. ਸਿੰਘ, ਹਾਕੀ ਇੰਡੀਆ ਦੇ ਖਜ਼ਾਨਚੀ ਸ੍ਰੀ ਸੇਕਰ ਅਤੇ ਹਾਕੀ ਇੰਡੀਆ ਦੇ ਸੀਈਓ ਕਮਾਂਡਰ ਆਰ.ਕੇ. ਸ਼੍ਰੀਵਾਸਤਵ ਨੇ ਸ਼ਿਰਕਤ ਕੀਤੀ।

ਫਿਟ ਸੈਂਟਰਲ ਦੀਆਂ ਕੰਧਾਂ ਇੱਕ ਵੱਡਾ ਸੰਦੇਸ਼ ਦੇਣ ਦਾ ਯਤਨ ਕਰਦੀਆਂ ਹਨ ਕਿ ਕਿਸੇ ਸ਼ਹਿਰ ਦੀ ਪਛਾਣ ਸਿਰਫ਼ ਉਸ ਦੇ ਬੁਨਿਆਦੀ ਢਾਂਚੇ ਨਾਲ ਹੀ ਨਹੀਂ, ਸਗੋਂ ਉੱਥੋਂ ਦੇ ਲੋਕਾਂ ਦੀ ਸਿਹਤ, ਖੇਡ ਭਾਵਨਾ ਅਤੇ ਨਾਗਰਿਕ ਚੇਤਨਾ ਨਾਲ ਵੀ ਬਣਦੀ ਹੈ। ਜਨਤਕ ਥਾਵਾਂ ਦੀ ਵਰਤੋਂ ਕਰਕੇ ਖੇਡਾਂ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਰਾਹੀਂ, ਇਸ ਪਹਿਲ ਦਾ ਉਦੇਸ਼ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸ਼ਹਿਰ ਦੇ ਰੋਜ਼ਾਨਾ ਮਾਹੌਲ ਵਿੱਚ ਹੋਰ ਵਧੇਰੇ ਦਿਖਾਈ ਦੇਣ ਯੋਗ ਬਣਾਉਣਾ ਹੈ।

ਇਸ ਮੌਕੇ ਬੋਲਦਿਆਂ ਨਿਤਿਨ ਕੋਹਲੀ ਨੇ ਕਿਹਾ, “ਫਿਟ ਸੈਂਟਰਲ ਅਜਿਹਾ ਸੱਭਿਆਚਾਰ ਸਿਰਜਣ ਬਾਰੇ ਹੈ, ਜਿੱਥੇ ਤੰਦਰੁਸਤੀ ਅਤੇ ਖੇਡਾਂ ਰੋਜ਼ਾਨਾ ਜੀਵਨ ਦਾ ਹਿੱਸਾ ਬਣਨ। ਸਾਡਾ ਉਦੇਸ਼ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਹੈ ਕਿ ਉਹ ਖੇਡਾਂ ਨੂੰ ਸਿਰਫ਼ ਮੁਕਾਬਲੇ ਵਾਲੀ ਗਤੀਵਿਧੀ ਵਜੋਂ ਨਹੀਂ, ਸਗੋਂ ਜੀਵਨ ਜਿਊਣ ਦੇ ਇੱਕ ਢੰਗ ਵਜੋਂ ਦੇਖਣ। ਜਦੋਂ ਕੋਈ ਸ਼ਹਿਰ ਆਪਣੀਆਂ ਜਨਤਕ ਥਾਵਾਂ ਰਾਹੀਂ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ, ਤਾਂ ਇਹ ਉਸ ਭਵਿੱਖ ਬਾਰੇ ਸੰਦੇਸ਼ ਦਿੰਦਾ ਹੈ, ਜਿਸ ਦੀ ਉਸਾਰੀ ਉਹ ਕਰਨਾ ਚਾਹੁੰਦਾ ਹੈ।”

ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਦੀ ਖੇਡਾਂ ਵਿੱਚ, ਖ਼ਾਸ ਕਰਕੇ ਹਾਕੀ ਵਿੱਚ, ਇੱਕ ਮਾਣਮੱਤੀ ਵਿਰਾਸਤ ਰਹੀ ਹੈ। ਇਸ ਵਿਰਾਸਤ ਨੂੰ ਅਗਲੀ ਪੀੜ੍ਹੀ ਲਈ ਪ੍ਰੇਰਣਾ ਬਣਨਾ ਚਾਹੀਦਾ ਹੈ, ਤਾਂ ਜੋ ਨੌਜਵਾਨ ਖੇਡਾਂ ਨੂੰ ਅਪਣਾਉਣ, ਸਰੀਰਕ ਤੌਰ ’ਤੇ ਸਰਗਰਮ ਰਹਿਣ ਅਤੇ ਅਨੁਸ਼ਾਸਨ, ਟੀਮ ਵਰਕ ਤੇ ਦ੍ਰਿੜ੍ਹਤਾ ਵਰਗੇ ਗੁਣ ਵਿਕਸਿਤ ਕਰਨ।

ਮੌਜੂਦ ਪਤਵੰਤਿਆਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜਨਤਕ ਥਾਵਾਂ ਰਾਹੀਂ ਖੇਡਾਂ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਇੱਕ ਮਜ਼ਬੂਤ ਖੇਡ ਸੱਭਿਆਚਾਰ ਦੀ ਉਸਾਰੀ ਕਰਨ ਅਤੇ ਭਾਈਚਾਰੇ ਦੀ ਵਧੇਰੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਫਿਟ ਸੈਂਟਰਲ ਵਰਗੀਆਂ ਪਹਿਲਕਦਮੀਆਂ ਨੌਜਵਾਨਾਂ ਨੂੰ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਸਕਦੀਆਂ ਹਨ ਅਤੇ ਨਾਲ ਹੀ ਜਲੰਧਰ ਦੀ ਅਮੀਰ ਹਾਕੀ ਵਿਰਾਸਤ ਤੋਂ ਪ੍ਰੇਰਣਾ ਲੈਣ ਦਾ ਮੌਕਾ ਦਿੰਦੀਆਂ ਹਨ। ਉਨ੍ਹਾਂ ਨੇ ਅਜਿਹਾ ਮਾਹੌਲ ਸਿਰਜਣ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ, ਜਿੱਥੇ ਤੰਦਰੁਸਤੀ, ਅਨੁਸ਼ਾਸਨ ਅਤੇ ਖੇਡ ਭਾਵਨਾ ਮੈਦਾਨ ਦੇ ਅੰਦਰ ਅਤੇ ਬਾਹਰ, ਰੋਜ਼ਾਨਾ ਜੀਵਨ ਦਾ ਹਿੱਸਾ ਬਣਨ।

ਫਿਟ ਸੈਂਟਰਲ ਦਾ ਉਦੇਸ਼ ਮੁਹੱਲਾ ਪੱਧਰ ’ਤੇ ਖੇਡਾਂ ਨਾਲ ਸਬੰਧਤ ਬੁਨਿਆਦੀ ਢਾਂਚਾ ਵਿਕਸਿਤ ਕਰਕੇ ਵਸਨੀਕਾਂ ਲਈ ਖੇਡਾਂ ਅਤੇ ਤੰਦਰੁਸਤੀ ਦੀਆਂ ਸਹੂਲਤਾਂ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਹੈ। ਇਸ ਵਿੱਚ ਖੇਡ ਕੋਰਟ, ਸੈਰ ਕਰਨ ਲਈ ਟਰੈਕ, ਖੁੱਲ੍ਹੇ ਜਿਮ ਅਤੇ ਮਨੋਰੰਜਨ ਲਈ ਥਾਵਾਂ ਸ਼ਾਮਲ ਹਨ।

ਕੋਹਲੀ ਨੇ ਜ਼ੋਰ ਦਿੱਤਾ ਕਿ ਨੌਜਵਾਨਾਂ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਮੌਕੇ ਪ੍ਰਦਾਨ ਕਰਨਾ ਸਿਹਤਮੰਦ ਭਾਈਚਾਰਿਆਂ ਦੀ ਉਸਾਰੀ ਲਈ ਮਹੱਤਵਪੂਰਨ ਹੈ। ਇਸ ਨਾਲ ਉਨ੍ਹਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਅਤੇ ਹੋਰ ਸਮਾਜਿਕ ਚੁਣੌਤੀਆਂ ਤੋਂ ਦੂਰ ਰੱਖਣ ਵਿੱਚ ਵੀ ਮਦਦ ਮਿਲ ਸਕਦੀ ਹੈ।

ਇਹ ਉਦਘਾਟਨ ਜਲੰਧਰ ਨੂੰ ਅਜਿਹਾ ਸ਼ਹਿਰ ਬਣਾਉਣ ਦੇ ਵਿਆਪਕ ਦ੍ਰਿਸ਼ਟੀਕੋਣ ਵੱਲ ਇੱਕ ਹੋਰ ਕਦਮ ਹੈ, ਜਿੱਥੇ ਖੇਡ ਸੱਭਿਆਚਾਰ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਤੱਕ ਸੀਮਿਤ ਨਾ ਰਹੇ, ਸਗੋਂ ਜਨਤਕ ਥਾਵਾਂ ਅਤੇ ਰੋਜ਼ਾਨਾ ਦੇ ਭਾਈਚਾਰਕ ਜੀਵਨ ਦਾ ਵੀ ਹਿੱਸਾ ਬਣੇ।

ਫਿਟ ਸੈਂਟਰਲ ਰਾਹੀਂ ਖੇਡਾਂ ਦੇ ਬੁਨਿਆਦੀ ਢਾਂਚੇ, ਜਨਤਕ ਜਾਗਰੂਕਤਾ ਅਤੇ ਭਾਈਚਾਰਕ ਭਾਗੀਦਾਰੀ ਨੂੰ ਇਕੱਠੇ ਜੋੜ ਕੇ ਜਲੰਧਰ ਨੂੰ ਇੱਕ ਸਿਹਤਮੰਦ, ਸਰਗਰਮ ਅਤੇ ਖੇਡਾਂ ਪ੍ਰਤੀ ਜਾਗਰੂਕ ਸ਼ਹਿਰ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।

ਇਸ ਸਮਾਗਮ ਵਿੱਚ ਪ੍ਰਸਿੱਧ ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਸ਼ਿਵਮ ਸ਼ਰਮਾ, ਨਰੇਸ਼ ਸ਼ਰਮਾ, ਅਜੇ ਚੋਪੜਾ, ਤਰੁਣ ਸਿੱਕਾ, ਧੀਰਜ ਸੇਠ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਾ. ਅਮਿਤ, ਜਸਵਿੰਦਰ ਸਿੰਘ, ਤ੍ਰਿਲੋਕ ਸਰਾਂ, ਅਰੁਣ ਸੈਣੀ, ਮਨੀਸ਼ ਸ਼ਰਮਾ, ਬਲਵਿੰਦਰ ਸ਼ਮੀ, ਓਲੰਪੀਅਨ ਪੁਰੀ ਅਤੇ ਪੰਨੂ ਸ਼ਾਮਲ ਸਨ।