


ਕੋਹਲੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸੂਬੇ ਲਈ ਇੱਕ ਇਤਿਹਾਸਕ ਪਲ ਅਤੇ ਪੰਜਾਬ ਦੀ ਅਮੀਰ ਹਾਕੀ ਪਰੰਪਰਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਜਲੰਧਰ, (ਰਮੇਸ਼ ਗਾਬਾ): ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਜਲੰਧਰ ਦੇ ਬਰਲਟਨ ਪਾਰਕ ਵਿਖੇ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਉਦਘਾਟਨ ਦੇ ਨਾਲ ਪੰਜਾਬ ਵਿੱਚ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਉਣ ਦਾ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਸੁਪਨਾ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਉਦਘਾਟਨੀ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੋਹਲੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਕੌਮਾਂਤਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਸੂਬੇ ਲਈ ਇੱਕ ਇਤਿਹਾਸਕ ਪਲ ਅਤੇ ਇਸ ਦੀ ਅਮੀਰ ਹਾਕੀ ਪਰੰਪਰਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਆਪਣੀ ਗੱਲਬਾਤ ਨੂੰ ਯਾਦ ਕਰਦਿਆਂ ਕੋਹਲੀ ਨੇ ਕਿਹਾ, “ਮੈਂ ਇੱਕ ਵਾਰ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਪੰਜਾਬ ਵਿੱਚ ਅਜੇ ਤੱਕ ਕੌਮਾਂਤਰੀ ਹਾਕੀ ਟੂਰਨਾਮੈਂਟ ਕਰਵਾਉਣਾ ਸੰਭਵ ਨਹੀਂ ਹੋ ਸਕਿਆ। ਇਹ ਸੁਣ ਕੇ ਉਹ ਹੈਰਾਨ ਹੋਏ ਅਤੇ ਉਨ੍ਹਾਂ ਨੇ ਤੁਰੰਤ ਇਸ ਨੂੰ ਸੰਭਵ ਬਣਾਉਣ ਦਾ ਭਰੋਸਾ ਦਿੱਤਾ। ਜਦੋਂ ਉਨ੍ਹਾਂ ਨੇ ਹਾਕੀ ਇੰਡੀਆ ਨਾਲ ਸੰਪਰਕ ਕੀਤਾ ਤਾਂ ਭੋਲਾ ਨਾਥ ਸਿੰਘ ਨੇ ਵੀ ਟੂਰਨਾਮੈਂਟ ਪੰਜਾਬ ਵਿੱਚ ਲਿਆਉਣ ਲਈ ਆਪਣਾ ਸਮਰਥਨ ਅਤੇ ਵਚਨਬੱਧਤਾ ਜਤਾਈ। ਅੱਜ ਉਹ ਸੁਪਨਾ ਸਾਕਾਰ ਹੋ ਗਿਆ ਹੈ।”
ਕੋਹਲੀ ਨੇ ਇਸ ਚੈਂਪੀਅਨਸ਼ਿਪ ਨੂੰ ਸੰਭਵ ਬਣਾਉਣ ਵਿੱਚ ਸਮੂਹਿਕ ਯੋਗਦਾਨ ਲਈ ਮੁੱਖ ਮੰਤਰੀ, ਹਾਕੀ ਇੰਡੀਆ, ਏਸ਼ੀਅਨ ਹਾਕੀ ਫੈਡਰੇਸ਼ਨ, ਪੰਜਾਬ ਦੇ ਖੇਡ ਵਿਭਾਗ, ਪ੍ਰਸ਼ਾਸਨ, ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂਆਂ, ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਜਲੰਧਰ ਅਤੇ ਮੋਹਾਲੀ ਦੇ ਖੇਡ ਸਥਾਨਾਂ ‘ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਤੇਜ਼ ਰਫ਼ਤਾਰ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜਿਸ ਕੰਮ ਨੂੰ ਪੂਰਾ ਕਰਨ ਵਿੱਚ ਡੇਢ ਤੋਂ ਦੋ ਸਾਲ ਲੱਗ ਸਕਦੇ ਸਨ, ਉਸ ਨੂੰ ਲਗਭਗ ਛੇ ਤੋਂ ਸੱਤ ਮਹੀਨਿਆਂ ਵਿੱਚ ਮੁਕੰਮਲ ਕਰ ਦਿੱਤਾ ਗਿਆ।
ਬਰਲਟਨ ਪਾਰਕ ਬਾਰੇ ਗੱਲ ਕਰਦਿਆਂ ਕੋਹਲੀ ਨੇ ਕਿਹਾ ਕਿ ਇਸ ਇਤਿਹਾਸਕ ਹਾਕੀ ਸਥਾਨ ਦਾ ਮੁੜ ਵਿਕਾਸ ਜਲੰਧਰ ਅਤੇ ਪੰਜਾਬ ਦੇ ਖੇਡ ਭਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਨਿਵੇਸ਼ ਨਾਲ ਆਉਣ ਵਾਲੇ ਸਾਲਾਂ ਵਿੱਚ ਸੂਬਾ ਕਈ ਹੋਰ ਕੌਮੀ ਅਤੇ ਕੌਮਾਂਤਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਹੋਵੇਗਾ।
ਕੋਹਲੀ ਨੇ ਭਾਰਤੀ ਹਾਕੀ ਵਿੱਚ ਪੰਜਾਬ ਦੇ ਲੰਬੇ ਸਮੇਂ ਤੋਂ ਰਹੇ ਯੋਗਦਾਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਖਿਡਾਰੀ ਏਸ਼ੀਆਈ ਖੇਡਾਂ ਅਤੇ ਓਲੰਪਿਕ ਖੇਡਾਂ ਸਮੇਤ ਵੱਡੇ ਕੌਮਾਂਤਰੀ ਮੁਕਾਬਲਿਆਂ ਵਿੱਚ ਲਗਾਤਾਰ ਦੇਸ਼ ਦੀ ਨੁਮਾਇੰਦਗੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਨੌਜਵਾਨਾਂ ਨੂੰ ਹਾਕੀ ਅਤੇ ਹੋਰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖਿਡਾਰੀਆਂ ਨੂੰ ਨਿਰੰਤਰ ਸਹਿਯੋਗ, ਬਿਹਤਰ ਬੁਨਿਆਦੀ ਢਾਂਚਾ ਅਤੇ ਖੇਡਾਂ ਵਿੱਚ ਵਧੇਰੇ ਨਿਵੇਸ਼ ਜ਼ਰੂਰੀ ਹੈ।
ਉਨ੍ਹਾਂ ਨੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਆਪਣੇ ਖਿਡਾਰੀਆਂ ਨੂੰ ਘਰੇਲੂ ਮੈਦਾਨ ‘ਤੇ ਖੇਡਦਿਆਂ ਦੇਖਣ ਦਾ ਮੌਕਾ ਮਿਲਣ ‘ਤੇ ਵੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, “ਕਈ ਸਾਲਾਂ ਤੋਂ ਹਾਕੀ ਖਿਡਾਰੀਆਂ ਦੀ ਇੱਛਾ ਰਹੀ ਹੈ ਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਲਾਈਵ ਖੇਡਦਿਆਂ ਦੇਖ ਸਕਣ। ਪੰਜਾਬ ਵਿੱਚ ਇਹ ਟੂਰਨਾਮੈਂਟ ਕਰਵਾਏ ਜਾਣ ਨਾਲ ਕਈ ਖਿਡਾਰੀਆਂ ਦਾ ਇਹ ਸੁਪਨਾ ਵੀ ਪੂਰਾ ਹੋ ਗਿਆ ਹੈ। ਇਹ ਪੂਰੇ ਹਾਕੀ ਜਗਤ ਲਈ ਭਾਵਨਾਤਮਕ ਅਤੇ ਮਾਣ ਵਾਲਾ ਪਲ ਹੈ।”
ਕੋਹਲੀ ਨੇ ਕੌਮਾਂਤਰੀ ਮੁਕਾਬਲੇ ਲਈ ਖੇਡ ਸਥਾਨਾਂ ਨੂੰ ਤਿਆਰ ਕਰਨ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਯੋਗਦਾਨ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਸਾਰੇ ਸਬੰਧਤ ਵਿਭਾਗਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਆਪਸੀ ਤਾਲਮੇਲ ਸਦਕਾ ਥੋੜ੍ਹੇ ਸਮੇਂ ਵਿੱਚ ਤਿਆਰੀਆਂ ਪੂਰੀਆਂ ਕਰਨਾ ਸੰਭਵ ਹੋ ਸਕਿਆ।
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਕੋਹਲੀ ਨੇ ਸੂਬਾ ਸਰਕਾਰ ਨੂੰ ਹਾਕੀ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਵਿੱਚ ਨਿਵੇਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਵੱਡੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਨਿਯਮਤ ਮੇਜ਼ਬਾਨੀ ਕਰਨ ਵਾਲੇ ਸੂਬੇ ਵਜੋਂ ਉਭਰੇਗਾ।
ਉਨ੍ਹਾਂ ਮੁੜ ਦੁਹਰਾਇਆ ਕਿ ਹਾਕੀ ਪੰਜਾਬ ਸੂਬੇ ਦੀਆਂ ਖੇਡਾਂ ਨਾਲ ਸਬੰਧਤ ਇੱਛਾਵਾਂ ਨੂੰ ਪੂਰਾ ਕਰਨ ਅਤੇ ਭਾਰਤ ਵਿੱਚ ਹਾਕੀ ਪ੍ਰਤਿਭਾ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਇੱਕ ਵਜੋਂ ਪੰਜਾਬ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਰਹੇਗਾ।

More Stories
ਜਲੰਧਰ ਦੇ ਡੀਸੀ ਪਾਰਕ ਵਿਖੇ ‘ਫਿਟ ਸੈਂਟਰਲ’ ਦੀਆਂ ਕੰਧਾਂ ਦਾ ਉਦਘਾਟਨ, ਨਿਤਿਨ ਕੋਹਲੀ ਨੇ ਖੇਡਾਂ ਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦਾ ਦਿੱਤਾ ਸੰਦੇਸ਼
ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਟੂਰ ਜਲੰਧਰ ’ਚ ਸ਼ਾਨਦਾਰ ਸਵਾਗਤ ਨਾਲ ਸਮਾਪਤ
4 ਨਵੰਬਰ ਨੂੰ ਸੰਗਰੂਰ ਪਹੁੰਚਣਗੇ ਰਾਹੁਲ ਗਾਂਧੀ, ਮਿਸ਼ਨ 2027 ਲਈ ਕਾਂਗਰਸ ਕਰੇਗੀ ਤਿਆਰੀਆਂ ਤੇਜ਼