ਕੇਂਦਰੀ ਟਰੇਡ ਯੂਨੀਅਨਾਂ ਦੁਆਰਾ ਦਿੱਤੇ ਹੜਤਾਲ ਦੇ ਸੱਦੇ ਨੂੰ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਸਮਰਥਨ ਦਾ ਐਲਾਨ

ਕੇਂਦਰ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਕੇ ਜਨਤਕ ਖੇਤਰ ਨੂੰ ਕਰ ਰਹੀ ਹੈ ਤਬਾਹ: ਡੀ.ਐੱਮ. ਐੱਫ.

ਜਲੰਧਰ (ਰਮੇਸ਼ ਗਾਬਾ) ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ 9 ਜੁਲਾਈ ਦੀ ਹੜਤਾਲ ਨੂੰ ਡੈਮੋਕ੍ਰੈਟਿਕ ਮੁਲਾਜ਼ਮ ਫੇਡਰੇਸ਼ਨ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਦੌਰਾਨ ਤੈਅ ਕੀਤੇ ਰੋਸ ਪ੍ਰਦਰਸ਼ਨ ਨੂੰ ਸਫ਼ਲ ਕਰਨ ਲਈ ਡੀ.ਐੱਮ. ਐੱਫ਼ ਦੀ ਜ਼ਿਲਾ ਕਮੇਟੀ ਮੀਟਿੰਗ ਅੱਜ ਸਿਵਲ ਜਲੰਧਰ ਵਿਖੇ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਜਿਲਾ ਪ੍ਰਧਾਨ ਹਰਿੰਦਰ ਦੁਸਾਂਝ ਜਨਰਲ ਸਕੱਤਰ ਕਲਵਿੰਦਰ ਸਿੰਘ ਜੋਸਨ ਤੇ ਵਿੱਤ ਸਕੱਤਰ ਮਨਦੀਪ ਕੌਰ ਬਿਲਗਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰਾਂ, ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੁਆਰਾ ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਿਆਉਣਾ, ਠੇਕੇਦਾਰ ਤੇ ਆਊਟਸੋਰਸ ਪ੍ਰਣਾਲੀ ਨੂੰ ਜਾਰੀ ਰੱਖਦਿਆਂ ਮਜ਼ਬੂਤ ਕਰਨਾ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਹਵਾਲੇ ਕਰਨਾ, ਸਰਕਾਰੀ ਮਹਿਕਮਿਆਂ ਵਿੱਚ ਆਕਾਰ ਘਟਾਈ ਦੀ ਨੀਤੀ ਨੂੰ ਤੇਜ਼ ਕਰਨਾ, ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ, ਮਾਣਭੱਤਾ ਵਰਕਰਾਂ ਦੇ ਮਾਣਭੱਤੇ ਵਿੱਚ ਕੇਂਦਰ ਸਰਕਾਰ ਦੁਆਰਾ ਪਾਏ ਜਾਂਦੇ ਹਿੱਸੇ ਵਿੱਚ ਵਾਧਾ ਨਾ ਕਰਨਾ, ਨਵੀਂ ਸਿੱਖਿਆ ਨੀਤੀ ਰਾਹੀਂ ਸਰਕਾਰੀ ਸਿੱਖਿਆ ਸੰਸਥਾਵਾਂ ਦੇ ਖਾਤਮੇ ਦਾ ਰਾਹ ਅਖਤਿਆਰ ਕਰਨਾ ਸਾਬਿਤ ਕਰਦਾ ਹੈ ਇਹ ਸਰਕਾਰ ਲੋਕਾਂ ਲਈ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ।
ਇਸ ਮੌਕੇ ਡੀ ਐਮ ਐਫ ਦੇ ਜਿਲਾ ਆਗੂ ਗੁਰਜੀਤ ਕੌਰ ਸ਼ਾਹਕੋਟ,ਕਲਵਿੰਦਰ ਕੌਰ ਅਮਾਨਤਪੁਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮਜ਼ਦੂਰਾਂ, ਮੁਲਾਜ਼ਮਾਂ ਤੇ ਮਾਣਭੱਤਾ ਵਰਕਰਾਂ ਦੇ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ। ਆਗੂਆਂ ਨੇ ਆਖਿਆ ਕਿ ਜਿੱਥੇ ਆਮ ਆਦਮੀ ਪਾਰਟੀ ਵੱਲੋਂ ਮਾਣਭੱਤਾ ਵਰਕਰਾਂ ਦਾ ਭੱਤਾ ਦੁੱਗਣਾ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਕਰਨ ਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀਆਂ ਦਿਤੀਆਂ ਆਪਣੀਆਂ ਹੀ ਗਰੰਟੀਆਂ ਤੋਂ ਭਗੋੜੀ ਹੋ ਚੁੱਕੀ ਹੈ ਉੱਥੇ ਮੁਲਾਜ਼ਮਾਂ ਦੇ ਪੇਂਡੂ ਤੇ ਬਾਰਡਰ ਏਰੀਆ ਸਮੇਤ ਵੱਖ ਵੱਖ ਕਿਸਮ ਦੇ ਰੋਕੇ ਗਏ ਭੱਤੇ, ਏ.ਸੀ.ਪੀ. ਸਕੀਮ ਨੂੰ ਬਹਾਲ ਕਰਨ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਤੋਂ ਆਨਾਕਾਨੀ ਕਰ ਰਹੀ ਹੈ।
ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਫੈਸਲਾ ਕੀਤਾ ਗਿਆ ਕਿ 9 ਜੁਲਾਈ ਨੂੰ ਹੜਤਾਲ ਦੌਰਾਨ ਜਿਲੇ ਦੇ ਵੱਖ ਵੱਖ ਅਦਾਰਿਆਂ ਦੇ ਬਲਾਕ ਕੇਂਦਰਾਂ ਤੇ ਕਾਲੇ ਬਿੱਲੇ ਲਾ ਕੇ ਦੋ ਘੰਟੇ ਕੰਮ ਬੰਦ ਕਰਕੇ ਰੋਸ ਪਰਦਰਸ਼ਨ ਕੀਤੇ ਜਾਣਗੇਇਸ ਮੌਕੇ ਹੋਰਨਾਂ ਤੋਂ ਇਲਾਵਾ ਆਂਚਲ ਹਰੀਪੁਰ, ਕਮਲਜੀਤ ਕੌਰ ਮਹਿਤਪੁਰ,ਜਸਵੀਰ ਕੌਰ ,ਸਰਬਜੀਤ ਕੌਰ ਬੁੰਡਾਲਾ,ਜੰਡਿਆਲਾ,
ਆਸ਼ਾ ਗੁਪਤਾ,ਹਰਜਿੰਦਰ ਕੌਰ ਜਲੰਧਰ, ਮੌਸਮੀ, ਜੋਤੀ,ਸ਼ਸ਼ੀ ਬਾਲਾ,ਕੁਸ਼ੱਲਿਆ ਦੇਵੀ ,ਸੁਖਵਿੰਦਰ ਕੌਰ ਸਾਰੇ ਆਦਮਪੁਰ ,ਸਤਿੰਦਰ ਕੌਰ ਬਿਲਗਾ ,ਆਗੂ ਵੀ ਹਾਜ਼ਰ ਸਨ।