ਸਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਕਈ ਕਿਸਮ ਦੇ ਖਣਿਜਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਵਿੱਚੋਂ ਇਕ ਹੈ ਆਇਓਡੀਨ। ਆਇਓਡੀਨ ਥਾਇਰਾਇਡ ਹਾਰਮੋਨ ਬਣਾਉਣ ‘ਚ ਮਦਦ ਕਰਦਾ ਹੈ, ਜੋ ਮੈਟਾਬੋਲਿਜ਼ਮ ਤੇ ਸਰੀਰ ਦੇ ਹੋਰ ਜ਼ਰੂਰੀ ਫੰਕਸ਼ਨਾਂ ਨੂੰ ਕੰਟਰੋਲ ਕਰਦਾ ਹੈ। ਜਦੋਂ ਸਰੀਰ ‘ਚ ਆਇਓਡੀਨ ਦੀ ਘਾਟ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਥਾਇਰਾਇਡ ਗਲੈਂਡ ‘ਤੇ ਪੈਂਦਾ ਹੈ।ਇਸ ਲਈ ਆਇਓਡੀਨ ਦੀ ਕਮੀ ਹੋਣ ‘ਤੇ ਸਰੀਰ ‘ਚ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਫਿਰ ਵੀ, ਆਇਓਡੀਨ ਦੀ ਘਾਟ ਦੁਨੀਆ ਭਰ ਵਿਚ ਇਕ ਮਹੱਤਵਪੂਰਨ ਪੋਸ਼ਣ ਸੰਬੰਧੀ ਸਮੱਸਿਆ ਹੈ। ਹਾਲਾਂਕਿ, ਕੁਝ ਸੰਕੇਤਾਂ (Signs of Iodine Deficiency) ਦੀ ਮਦਦ ਨਾਲ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। ਆਓ ਜਾਣੀਏ ਕਿ ਸਰੀਰ ‘ਚ ਆਇਓਡੀਨ ਦੀ ਘਾਟ ਹੋਣ ‘ਤੇ ਕਿਹੜੇ ਸੰਕੇਤ ਦਿਖਾਈ ਦਿੰਦੇ ਹਨ।
ਥਕਾਵਟ ਤੇ ਕਮਜ਼ੋਰੀ
ਆਇਓਡੀਨ ਦੀ ਘਾਟ ਦਾ ਸਭ ਤੋਂ ਆਮ ਲੱਛਣ ਹੈ ਲਗਾਤਾਰ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ। ਥਾਇਰਾਇਡ ਹਾਰਮੋਨ ਊਰਜਾ ਉਤਪਾਦਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਇਨ੍ਹਾਂ ਹਾਰਮੋਨਸ ਦਾ ਲੈਵਲ ਘਟ ਜਾਂਦਾ ਹੈ ਤਾਂ ਸਰੀਰ ਦਾ ਊਰਜਾ ਲੈਵਲ ਵੀ ਘਟਣ ਲੱਗਦਾ ਹੈ ਜਿਸ ਨਾਲ ਵਿਅਕਤੀ ਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ ਤੇ ਕੰਮ ਕਰਨ ‘ਚ ਆਲਸ ਆਉਂਦਾ ਹੈ।
ਵਜ਼ਨ ਵਧਣਾ
ਅਚਾਨਕ ਵਜ਼ਨ ਵਧਣਾ ਵੀ ਆਇਓਡੀਨ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਥਾਇਰਾਇਡ ਹਾਰਮੋਨ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੇ ਹਨ। ਇਨ੍ਹਾਂ ਦੀ ਘਾਟ ਨਾਲ ਸਰੀਰ ਦਾ ਮੈਟਾਬੌਲਿਕ ਰੇਟ ਹੌਲੀ ਹੋ ਜਾਂਦਾ ਹੈ ਜਿਸ ਨਾਲ ਕੈਲਰੀ ਬਰਨ ਦੀ ਸਮਰੱਥਾ ਘਟ ਜਾਂਦੀ ਹੈ ਤੇ ਵਜ਼ਨ ਵਧਣ ਲੱਗਦਾ ਹੈ।
ਗਲੇ ‘ਚ ਸੋਜ਼ਿਸ਼
ਆਇਓਡੀਨ ਦੀ ਘਾਟ ਦਾ ਸਭ ਤੋਂ ਸਾਫ਼ ਲੱਛਣ ਹੈ ਗਲੇ ‘ਚ ਸੋਜ਼ਿਸ਼, ਜਿਸਨੂੰ ਘੇਂਘਾ ਜਾਂ ਗੌਇਟਰ ਕਿਹਾ ਜਾਂਦਾ ਹੈ। ਜਦੋਂ ਸਰੀਰ ‘ਚ ਆਇਓਡੀਨ ਦੀ ਕਮੀ ਹੁੰਦੀ ਹੈ ਤਾਂ ਥਾਇਰਾਇਡ ਗਲੈਂਡ ਹਾਰਮੋਨ ਬਣਾਉਣ ਲਈ ਜ਼ਿਆਦਾ ਐਕਟਿਵ ਹੋ ਜਾਂਦਾ ਹੈ ਤੇ ਫੁੱਲ ਕੇ ਵੱਡਾ ਹੋ ਜਾਂਦਾ ਹੈ। ਇਸ ਨਾਲ ਗਰਦਨ ਦੇ ਆਸ-ਪਾਸ ਸੋਜ਼ਿਸ਼ ਦਿਖਾਈ ਦਿੰਦੀ ਹੈ, ਜੋ ਕਈ ਵਾਰੀ ਸਾਹ ਲੈਣ ਜਾਂ ਨਿਗਲਣ ‘ਚ ਵੀ ਮੁਸ਼ਕਲ ਪੈਦਾ ਕਰ ਸਕਦੀ ਹੈ।
ਵਾਲਾਂ ਦਾ ਝੜਨਾ ਤੇ ਸਕਿਨ ਦਾ ਰੁੱਖਾਪਣ
ਥਾਇਰਾਇਡ ਹਾਰਮੋਨ ਵਾਲਾਂ ਤੇ ਸਕਿਨ ਦੀ ਸਿਹਤ ਲਈ ਵੀ ਜ਼ਰੂਰੀ ਹੁੰਦੇ ਹਨ। ਆਇਓਡੀਨ ਦੀ ਘਾਟ ਨਾਲ ਵਾਲ ਪਤਲੇ ਹੋ ਕੇ ਝੜਨ ਲੱਗਦੇ ਹਨ ਤੇ ਸਕਿਨ ਰੁੱਖੀ ਤੇ ਬੇਜਾਨ ਹੋ ਜਾਂਦੀ ਹੈ। ਕਈ ਵਾਰੀ ਇਸ ਕਾਰਨ ਐਗਜ਼ੀਮਾ ਵਰਗੀਆਂ ਸਕਿਨ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਯਾਦਦਾਸ਼ਤ ਕਮਜ਼ੋਰ ਹੋਣਾ ਤੇ ਫੋਕਸ ‘ਚ ਕਮੀ
ਥਾਇਰਾਇਡ ਹਾਰਮੋਨ ਦਿਮਾਗ ਦੇ ਵਿਕਾਸ ਤੇ ਫੰਕਸ਼ਨ ‘ਤੇ ਅਸਰ ਪਾਉਂਦੇ ਹਨ। ਆਇਓਡੀਨ ਦੀ ਘਾਟ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ, ਇਕਾਗਰਤਾ ‘ਚ ਕਮੀ ਆ ਸਕਦੀ ਹੈ ਅਤੇ ਮਾਨਸਿਕ ਥਕਾਵਟ ਮਹਿਸੂਸ ਹੋ ਸਕਦੀ ਹੈ। ਗਰਭਵਤੀ ਔਰਤਾਂ ‘ਚ ਆਇਓਡੀਨ ਦੀ ਘਾਟ ਨਾਲ ਬੱਚੇ ਦੇ ਮਾਨਸਿਕ ਵਿਕਾਸ ‘ਤੇ ਵੀ ਬੁਰਾ ਅਸਰ ਪੈ ਸਕਦਾ ਹੈ।

More Stories
ਸਕੂਲਾਂ ਦੇ 50 ਮੀਟਰ ਦੇ ਦਾਇਰੇ ’ਚ ਵੱਧ ਫੈਟ, ਸ਼ੂਗਰ ਵਾਲੇ ਖਾਣੇ ਵੇਚਣ ’ਤੇ ਪਾਬੰਦੀ ਦੀ ਤਿਆਰੀ; ਬੱਚਿਆਂ ਦੀ ਖਾਣ-ਪੀਣ ਦੀ ਆਦਤ ਸੁਧਾਰਨਾ ਉਦੇਸ਼
ਹੁਣ ਰੋਜ਼ ਨਹੀਂ, ਹਫ਼ਤੇ ’ਚ ਸਿਰਫ਼ ਇਕ ਵਾਰ ਲੱਗੇਗਾ ਇਨਸੁਲਿਨ ਇੰਜੈਕਸ਼ਨ; ਭਾਰਤ ’ਚ ਪਹਿਲੀ ਵਾਰ ਲਾਂਚ ਕੀਤਾ ‘ਅਵੀਕਲੀ’
ਬਦਲਦੇ ਮੌਸਮ ‘ਚ ਵਾਰ-ਵਾਰ ਹੁੰਦੇ ਹੋ ਬਿਮਾਰ? ਇਹ ਸੁਪਰਫੂਡਜ਼ ਬਚਾਉਣਗੇ ਮੌਸਮੀ ਇਨਫੈਕਸ਼ਨ ਤੋਂ!