ਝੱਲ ਲੇਈ ਵਾਲਾ ਨੇੜਿਓਂ ਪੁਲਿਸ ਮੁਕਾਬਲੇ ਦੌਰਾਨ ਨਾਮੀ ਗੈਂਗਸਟਰ ਬਲਵਿੰਦਰ ਬਿੱਲਾ ਕਾਬੂ

ਡਡਵਿੰਡੀ (ਕਪੂਰਥਲਾ), 12 ਅਗਸਤ (TLT NEWS )– ਅੱਜ ਦਿਨ ਚੜਦੇ ਸਾਰ ਹੀ ਕਪੂਰਥਲਾ ਪੁਲਿਸ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਝੱਲ ਲਈ ਵਾਲਾ ਨੇੜਿਓਂ ਨਾਮੀ ਗੈਂਗਸਟਰ ਬਲਵਿੰਦਰ ਸਿੰਘ ਬਿੱਲਾ ਨੂੰ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅੱਜ ਸਵੇਰੇ ਕਰੀਬ 7 ਵਜੇ ਆਹਮੋ ਸਾਹਮਣੇ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਗੈਂਗਸਟਰ ਬਲਵਿੰਦਰ ਬਿੱਲੇ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ।

ਕਪੂਰਥਲਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਪਾਰਟੀ ਨੇ ਪਿੰਡ ਝੱਲ ਲੇਈ ਵਾਲਾ ਨੇੜੇ ਬਲਵਿੰਦਰ ਸਿੰਘ ਬਿੱਲਾ ਨੂੰ ਰੋਕਿਆ ਤੇ ਉਸ ਦੀ ਸ਼ਨਾਖਤ ਦੱਸਣ ਲਈ ਕਿਹਾ ਤਾਂ ਉਸ ਨੇ ਡਰ ਦੇ ਮਾਰੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸ ਕੋਲ ਮੌਜੂਦ ਨਾਜਾਇਜ਼ ਅਸਲਾ ਵੀ ਉਸ ਨੇ ਪੁਲਿਸ ਉੱਪਰ ਚਲਾਇਆ ਪਰ ਕੋਈ ਵੀ ਫਾਇਰ ਪੁਲਿਸ ਦੇ ਨਹੀਂ ਲੱਗਾ, ਜਦਕਿ ਪੁਲਿਸ ਵਲੋਂ ਆਪਣੀ ਸੁਰੱਖਿਆ ਵਿਚ ਚਲਾਏ ਗਏ ਫਾਇਰ ਦੌਰਾਨ ਇਕ ਗੋਲੀ ਬਲਵਿੰਦਰ ਬਿੱਲੇ ਦੇ ਲੱਗ ਗਈ, ਜਿਸ ਦੌਰਾਨ ਉਹ ਡਿੱਗ ਪਿਆ ਅਤੇ ਪੁਲਿਸ ਨੇ ਉਸ ਨੂੰ ਦਬੋਚ ਲਿਆ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਇਕ ਨਾਜਾਇਜ਼ ਪਿਸਤੌਲ, ਖਾਲੀ ਰੋਂਦ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਕਥਿਤ ਮੁਲਜ਼ਮ ਨੂੰ ਇਲਾਜ ਲਈ ਭੇਜਿਆ ਗਿਆ ਹੈ। ਇਸ ਮੌਕੇ ਐਸ.ਐਸ.ਪੀ. ਗੌਰਵ ਤੂਰਾ, ਐਸ. ਪੀ. (ਡੀ) ਪੀ. ਐਸ. ਵਿਰਕ, ਡੀ.ਐਸ.ਪੀ. ਪਰਮਿੰਦਰ ਸਿੰਘ ਅਤੇ ਐਸ. ਐਚ. ਓ. ਸੋਨਮਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਹਾਜ਼ਰ ਸੀ।