ਬੱਚਿਆਂ ਦੀਆਂ ਅੱਖਾਂ ਲਈ ਖ਼ਤਰਨਾਕ ਹੁੰਦੀ ਹੈ ਮੋਬਾਈਲ ਫੋਨ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ, ਇਨ੍ਹਾਂ ਤਰੀਕਿਆਂ ਨਾਲ ਕਰੋ ਬਚਾਅ

ਅੱਜ ਦੇ ਡਿਜੀਟਲ ਯੁਗ ‘ਚ ਸਮਾਰਟਫੋਨ, ਟੈਬਲੇਟ, ਕੰਪਿਊਟਰ ਤੇ ਟੀਵੀ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਬੱਚੇ ਵੀ ਇਨ੍ਹਾਂ ਡਿਵਾਈਸਿਜ਼ ਦਾ ਇਸਤੇਮਾਲ ਆਨਲਾਈਨ ਕਲਾਸਾਂ, ਗੇਮਿੰਗ ਤੇ ਮਨੋਰੰਜਨ ਲਈ ਕਰਦੇ ਹਨ। ਹਾਲਾਂਕਿ, ਇਨ੍ਹਾਂ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਬੱਚਿਆਂ ਦੀਆਂ ਅੱਖਾਂ ਅਤੇ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।ਜੀ ਹਾਂ, ਇਨ੍ਹਾਂ ਇਲੈਕਟ੍ਰਾਨਿਕ ਡਿਵਾਈਸਿਜ਼ ਤੋਂ ਬਲੂ ਲਾਈਟ ਨਿਕਲਦੀ ਹੈ ਜੋ ਕਿ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਖਾਸ ਕਰਕੇ ਬੱਚਿਆਂ ਦੀਆਂ ਅੱਖਾਂ ਨੂੰ। ਆਓ ਡਾ. ਨਮਰਤਾ ਮਹਿਰਾ (ਅਸਿਸਟੈਂਟ ਕੰਸਲਟੈਂਟ, ਓਪਥੋਮੋਲੋਜੀ, ਮੈਕਸ ਹਸਪਤਾਲ, ਗੁਰੂਗ੍ਰਾਮ) ਤੋਂ ਜਾਣੀਏ ਕਿ ਨੀਲੀ ਰੋਸ਼ਨੀ ਬੱਚਿਆਂ ਦੀਆਂ ਅੱਖਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ ਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।

ਉਂ ਹਾਨੀਕਾਰਕ ਹੈ ਨੀਲੀ ਰੋਸ਼ਨੀ ?

 

– ਅੱਖਾਂ ‘ਤੇ ਤਣਾਅ : ਲੰਬੇ ਸਮੇਂ ਤਕ ਸਕ੍ਰੀਨ ਦੇਖਣ ਨਾਲ ਅੱਖਾਂ ‘ਚ ਥਕਾਵਟ, ਸੁੱਕਾਪਣ ਤੇ ਜਲਨ ਹੋ ਸਕਦੀ ਹੈ।

ਨੀਂਦ ‘ਚ ਖ਼ਲਲ : ਨੀਲੀ ਰੋਸ਼ਨੀ ਮੈਲਾਟੋਨਿਨ ਹਾਰਮੋਨ ਨੂੰ ਘਟਾਉਂਦੀ ਹੈ ਜਿਸ ਨਾਲ ਨੀਂਦ ਦਾ ਪੈਟਰਨ ਵਿਗੜ ਜਾਂਦਾ ਹੈ।

– ਦ੍ਰਿਸ਼ਟੀ ਨਾਲ ਜੁੜੀਆਂ ਸਮੱਸਿਆਵਾਂ : ਲੰਬੇ ਸਮੇਂ ਤਕ ਨੀਲੀ ਰੋਸ਼ਨੀ ਦੇ ਸੰਪਰਕ ਨਾਲ ਮਾਇਓਪੀਆ ਤੇ ਰੈਟੀਨਾ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਵਧ ਸਕਦਾ ਹੈ।

 

ਬੱਚਿਆਂ ਦੀਆਂ ਅੱਖਾਂ ਨੂੰ ਨੀਲੀ ਰੋਸ਼ਨੀ ਤੋਂ ਬਚਾਉਣ ਲਈ ਟਿੱਪਸ:

 

1. ਸਕ੍ਰੀਨ ਟਾਈਮ ਘਟਾਓ : 2 ਤੋਂ 5 ਸਾਲ ਦੇ ਬੱਚਿਆਂ ਨੂੰ ਹਰ 1 ਘੰਟੇ ਤੋਂ ਵਧ ਸਕ੍ਰੀਨ ਟਾਈਮ ਨਹੀਂ ਦੇਣਾ ਚਾਹੀਦਾ। ਵੱਡੇ ਬੱਚਿਆਂ ਲਈ ਵੀ ਸੀਮਤ ਸਮਾਂ ਨਿਰਧਾਰਤ ਕਰੋ ਤੇ ਵਿਚ-ਵਿਚ ਬ੍ਰੇਕ ਲੈਣ ਲਈ ਕਹੋ।

2. 20-20-20 ਨਿਯਮ ਨੂੰ ਫਾਲੋ ਕਰੋ : ਹਰ 20 ਮਿੰਟ ‘ਚ 20 ਸਕਿੰਟ ਲਈ 20 ਫੁੱਟ ਦੂਰ ਕਿਸੇ ਚੀਜ਼ ਨੂੰ ਦੇਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਇਹ ਨਿਯਮ ਡਿਜੀਟਲ ਆਈ ਸਟ੍ਰੇਨ ਨੂੰ ਘਟਾਉਣ ‘ਚ ਮਦਦ ਕਰਦਾ ਹੈ।

3. ਨੀਲੀ ਰੋਸ਼ਨੀ ਫਿਲਟਰ ਗਲਾਸ ਜਾਂ ਸਕ੍ਰੀਨ ਪ੍ਰੋਟੈਕਟਰ ਦਾ ਇਸਤੇਮਾਲ : ਬਾਜ਼ਾਰ ‘ਚ ਨੀਲੀ ਰੋਸ਼ਨੀ ਨੂੰ ਰੋਕਣ ਵਾਲੇ ਚਸ਼ਮੇ ਤੇ ਸਕ੍ਰੀਨ ਪ੍ਰੋਟੈਕਟਰ ਉਪਲਬਧ ਹਨ। ਇਹ ਅੱਖਾਂ ਨੂੰ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੇ ਹਨ।

4. ਡਿਵਾਈਸ ਦੀ ਬ੍ਰਾਈਟਨੈੱਸ ਤੇ ਕੰਟ੍ਰਾਸਟ ਐਡਜਸਟ ਕਰੋ : ਸਕ੍ਰੀਨ ਦੀ ਚਮਕ ਨੂੰ ਆਸ-ਪਾਸ ਦੇ ਮਾਹੌਲ ਮੁਤਾਬਕ ਸੈੱਟ ਕਰੋ। ਰਾਤ ਸਮੇਂ ਨਾਈਟ ਮੋਡ ਜਾਂ ਵਾਰਮ ਲਾਈਟ ਫਿਲਟਰ ਦਾ ਇਸਤੇਮਾਲ ਕਰੋ।

5. ਸੌਣ ਤੋਂ 1-2 ਘੰਟੇ ਪਹਿਲਾਂ ਸਕ੍ਰੀਨ ਦਾ ਇਸਤੇਮਾਲ ਬੰਦ ਕਰੋ : ਨੀਲੀ ਰੋਸ਼ਨੀ ਮੈਲਾਟੋਨਿਨ ਹਾਰਮੋਨ ਨੂੰ ਦਬਾਉਂਦੀ ਹੈ ਜਿਸ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਇਸ ਲਈ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਮੋਬਾਈਲ ਜਾਂ ਟੀਵੀ ਤੋਂ ਦੂਰ ਰੱਖੋ।

6. ਆਉਟਡੋਰ ਐਕਟਿਵਿਟੀਜ਼ ਨੂੰ ਵਧਾਓ : ਕੁਦਰਤੀ ਰੋਸ਼ਨੀ ‘ਚ ਖੇਡਣ ਨਾਲ ਬੱਚਿਆਂ ਦੀਆਂ ਅੱਖਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਹਰ ਰੋਜ਼ ਘੱਟੋ-ਘੱਟ 1-2 ਘੰਟੇ ਬਾਹਰ ਖੇਡਣ ਦੀ ਆਦਤ ਪਾਉਣ।

7. ਅੱਖਾਂ ਦੀ ਨਿਯਮਤ ਜਾਂਚ ਕਰਵਾਓ : ਸਾਲ ਵਿਚ ਇਕ ਵਾਰੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਵਾਉਣਾ ਜ਼ਰੂਰੀ ਹੈ। ਜੇ ਬੱਚਾ ਅੱਖਾਂ ‘ਚ ਦਰਦ ਜਾਂ ਧੁੰਦਲਾ ਦੇਖਣ ਦੀ ਸ਼ਿਕਾਇਤ ਕਰੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।

ਨੀਲੀ ਰੋਸ਼ਨੀ ਤੋਂ ਪੂਰੀ ਤਰ੍ਹਾਂ ਬਚਣਾ ਸੰਭਵ ਨਹੀਂ ਹੈ, ਕਿਉਂਕਿ ਇਹ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕੀ ਹੈ। ਹਾਲਾਂਕਿ, ਸਹੀ ਸਾਵਧਾਨੀਆਂ ਵਰਤ ਕੇ ਅਸੀਂ ਇਸ ਦੇ ਮਾੜੇ ਪ੍ਰਭਾਵਾਂ ਨੂੰ ਘਟਾ ਸਕਦੇ ਹਾਂ।