ਵਕੀਲ ਨੂੰ ਡਿਜੀਟਲ ਅਰੈਸਟ ਕਰ ਕੇ ਠੱਗੇ 90 ਲੱਖ, ਨਕਲੀ CBI ਅਧਿਕਾਰੀ ਬਣ ਕੇ 14 ਦਿਨ ਰੱਖਿਆ Digital Arrest

ਬਠਿੰਡਾ TLT NEWS/ : ਸੀਬੀਆਈ ਅਧਿਕਾਰੀ ਬਣ ਕੇ ਵਕੀਲ ਨੂੰ ਡਿਜੀਟਲ ਅਰੈਸਟ ਕਰ ਕੇ 90 ਲੱਖ ਰੁਪਏ ਠੱਗ ਲਏ। ਵਕੀਲ ਨੂੰ 14 ਦਿਨਾਂ ਤੱਕ ਡਿਜੀਟਲ ਅਰੈਸਟ ਰੱਖਿਆ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਉਸ ਨਾਲ ਠੱਗੀ ਕੀਤੀ। ਸਾਈਬਰ ਸੈੱਲ ਪੁਲਿਸ ਨੇ ਵਕੀਲ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਸੌ ਫੁੱਟੀ ਰੋਡ ਨੇੜੇ ਦਸਮੇਸ਼ ਪਬਲਿਕ ਸਕੂਲ ਦੇ ਵਾਸੀ ਵਕੀਲ ਹਰਿੰਦਰ ਸਿੰਘ ਨੇ ਦੱਸਿਆ ਕਿ 19 ਅਗਸਤ ਦੀ ਸਵੇਰ ਜਦੋਂ ਉਹ ਘਰ ’ਚ ਸਨ, ਉਨ੍ਹਾਂ ਨੂੰ ਵ੍ਹਟਸਐਪ ਨੰਬਰ ਤੋਂ ਮੈਸੇਜ ਆਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਵ੍ਹਟਸਐਪ ਕਾਲ ਆਈ, ਜਿਸ ਵਿਚ ਅਣਪਛਾਤੇ ਵਿਅਕਤੀ ਨੇ ਖੁਦ ਨੂੰ ਸੀਬੀਆਈ ਦਾ ਏਐੱਸਆਈ ਵਿਜੇ ਖੰਨਾ ਦੱਸਿਆ। ਉਸ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਨੰਬਰ ਐੱਮਐੱਚ 5621/0425 ਦਰਜ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਹੁਣ ਸੀਬੀਆਈ ਦੇ ਉੱਚ ਅਧਿਕਾਰੀ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਪੁੱਛਗਿੱਛ ਕਰਨਗੇ। ਮੰਗਣ ’ਤੇ ਵਕੀਲ ਨੇ ਆਧਾਰ ਕਾਰਡ ਦੀ ਕਾਪੀ ਭੇਜ ਦਿੱਤੀ। ਫਰਜ਼ੀ ਸੀਬੀਆਈ ਅਧਿਕਾਰੀ ਨੇ ਕਿਹਾ ਕਿ ਜਦ ਤੱਕ ਸਾਡੀ ਜਾਂਚ ਪੂਰੀ ਨਹੀਂ ਹੁੰਦੀ, ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲ ਨਹੀਂ ਕਰ ਸਕਦੇ। ਜੇਕਰ ਅਜਿਹਾ ਕੀਤਾ ਤਾਂ ਤੁਹਾਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

19 ਤੋਂ 25 ਅਗਸਤ ਤੱਕ ਉਕਤ ਫਰਜ਼ੀ ਸੀਬੀਆਈ ਅਧਿਕਾਰੀ ਵ੍ਹਟਸਐਪ ਅਤੇ ਵੀਡੀਓ ਕਾਲ ਰਾਹੀਂ ਧਮਕਾਉਂਦਾ ਰਿਹਾ। 25 ਅਗਸਤ ਨੂੰ ਉਸ ਵਿਅਕਤੀ ਨੇ ਵਕੀਲ ਤੋਂ ਬੈਂਕ ਬੈਲੈਂਸ, ਜਾਇਦਾਦ ਅਤੇ ਹੋਰ ਕੀਮਤੀ ਸਾਮਾਨ ਦੀ ਜਾਣਕਾਰੀ ਹਾਸਲ ਕਰ ਲਈ। ਇਸ ਤੋਂ ਬਾਅਦ ਇਕ ਕੁੜੀ ਨੇ ਉਨ੍ਹਾਂ ਨੂੰ ਵ੍ਹਟਸਐਪ ਕਾਲ ਕੀਤੀ ਅਤੇ ਆਈਸੀਆਈਸੀਆਈ ਬੈਂਕ ਦੇ ਖਾਤੇ ਵਿਚ 28 ਲੱਖ ਰੁਪਏ ਟਰਾਂਸਫਰ ਕਰਨ ਲਈ ਕਿਹਾ। ਇਸ ਤੋਂ ਬਾਅਦ ਲਗਾਤਾਰ ਧਮਕਾਇਆ ਗਿਆ, ਜਿਸ ਕਾਰਨ ਡਰ ਕੇ ਉਹ ਉਕਤ ਖਾਤਿਆਂ ਵਿਚ ਪੈਸੇ ਟਰਾਂਸਫਰ ਕਰਦਾ ਰਿਹਾ। ਇਸ ਤੋਂ ਬਾਅਦ ਠੱਗਾਂ ਨੇ ਵਕੀਲ ਨੂੰ ਕੋਰਟ ਦੀ ਫਰਜ਼ੀ ਜ਼ਮਾਨਤ ਅਤੇ ਸੁਪਰੀਮ ਕੋਰਟ ਦੇ ਫਰਜ਼ੀ ਦਸਤਾਵੇਜ਼ ਭੇਜੇ। ਠੱਗਾਂ ਨੇ ਵਕੀਲ ਨੂੰ 19 ਅਗਸਤ ਤੋਂ 1 ਸਤੰਬਰ ਤੱਕ ਡਿਜੀਟਲ ਅਰੈਸਟ ਰੱਖਿਆ ਅਤੇ ਵੱਖ-ਵੱਖ ਖਾਤਿਆਂ ਵਿਚ 90 ਲੱਖ ਰੁਪਏ ਟਰਾਂਸਫਰ ਕਰ ਲਏ। ਸਾਈਬਰ ਸੈੱਲ ਦੀ ਇੰਸਪੈਕਟਰ ਸੁਖਵੀਰ ਕੌਰ ਨੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਕੀਲ ਨੇ ਬੇਟੀ ਤੋਂ ਪੈਸੇ ਉਧਾਰ ਮੰਗੇ ਤਾਂ ਧੋਖਾਧੜੀ ਦਾ ਪਤਾ ਚੱਲਿਆ

ਨਕਲੀ ਸੀਬੀਆਈ ਅਧਿਕਾਰੀ ਵਕੀਲ ਤੋਂ ਹਾਲੇ ਵੀ ਹੋਰ ਪੈਸੇ ਮੰਗ ਰਿਹਾ ਸੀ ਪਰ ਜਦੋਂ ਵਕੀਲ ਨੇ ਆਪਣੀ ਧੀ ਤੋਂ ਉਧਾਰ ਪੈਸੇ ਮੰਗੇ, ਤਾਂ ਪੂਰੀ ਘਟਨਾ ਦਾ ਪਰਦਾਫਾਸ਼ ਹੋ ਗਿਆ। ਵਕੀਲ ਨੇ ਧੀ ਅਮਨਦੀਪ ਕੌਰ ਨਾਲ ਗੱਲ ਕੀਤੀ। ਜਦੋਂ ਉਹ ਆਪਣੇ ਪਤੀ ਨਾਲ ਬਠਿੰਡਾ ਵਿਚ ਆਪਣੇ ਪਿਤਾ ਦੇ ਘਰ ਪਹੁੰਚੀ, ਤਾਂ ਉਸ ਨੇ ਉਨ੍ਹਾਂ ਨੂੰ ਸੀਬੀਆਈ ਅਧਿਕਾਰੀਆਂ ਨਾਲ ਹੋਈ ਚੈਟ ਦਿਖਾਈ, ਜਿਸ ਤੋਂ ਬਾਅਦ ਧੋਖਾਧੜੀ ਦਾ ਪਤਾ ਚੱਲਿਆ। ਇਸ ਤੋਂ ਬਾਅਦ ਵਕੀਲ ਨੇ ਸਾਈਬਰ ਕ੍ਰਾਈਮ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ।