ਭਾਸ਼ਾ ਵਿਭਾਗ ਵੱਲੋਂ ਸਾਲ-2025 ਦੇ ਸਰਬੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਦਾ ਐਲਾਨ, ਵੱਖ-ਵੱਖ ਵੰਨਗੀਆਂ ਦੀਆਂ 10 ਸਰਬੋਤਮ ਪੁਸਤਕਾਂ ਸ਼ਾਮਲ

ਪਟਿਆਲਾ :TLT NEWS/ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਸਰਬੋਤਮ ਪੰਜਾਬੀ ਪੁਸਤਕ ਪੁਰਸਕਾਰਾਂ (2025) ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਭਾਗ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਛਪੀਆਂ ਪੁਸਤਕਾਂ ਦੀ ਸਰਬੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਲਈ ਮੰਗ ਕੀਤੀ ਗਈ ਸੀ ਅਤੇ ਵੱਖ-ਵੱਖ ਖੇਤਰਾਂ ਦੇ ਵਿਦਵਾਨ ਵਿਸ਼ਾ ਮਾਹਿਰਾਂ ਤੋਂ ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਕਰਵਾਇਆ ਗਿਆ ਤੇ 10 ਸਰਬੋਤਮ ਪੁਸਤਕਾਂ ਦੀ ਚੋਣ ਕੀਤੀ ਗਈ। ਇਸ ਪੁਰਸਕਾਰ ’ਚ ਇਨਾਮੀ ਰਾਸ਼ੀ 31,000/- ਦੇ ਨਾਲ-ਨਾਲ ਇਕ ਦੋਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਵੇਗਾ। ਇਨ੍ਹਾਂ ਪੁਰਸਕਾਰਾਂ ਲਈ ਵੱਖ-ਵੱਖ ਵਿਧਾਵਾਂ ਦੀਆਂ 273 ਕਿਤਾਬਾਂ ਪ੍ਰਾਪਤ ਹੋਈਆਂ ਸਨ। ਨਵੰਬਰ-2025 ਦੇ ਪਹਿਲੇ ਹਫ਼ਤੇ ਪੰਜਾਬੀ ਮਾਹ ਦੇ ਸੂਬਾ ਪੱਧਰੀ ਉਦਘਾਟਨੀ ਸਮਾਗਮ ਦੌਰਾਨ ਪੁਰਸਕਾਰ ਦਿੱਤੇ ਜਾਣਗੇ।

ਐਲਾਨੇ ਗਏ ਸਰਬੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਸਵੈ-ਜੀਵਨੀ/ਯਾਦਾਂ/ਰੇਖਾ ਚਿੱਤਰ) ਗੁਰਿੰਦਰਜੀਤ ਦੀ ਪੁਸਤਕ ‘ਬਰਫ਼ ’ਚ ਉੱਗੇ ਅਮਲਤਾਸ’ ਨੂੰ, ਨਾਨਕ ਸਿੰਘ ਪੁਰਸਕਾਰ (ਨਾਵਲ) ਜਸਵੀਰ ਸਿੰਘ ਰਾਣਾ ਦੀ ਪੁਸਤਕ ‘70% ਪ੍ਰੇਮ ਕਥਾ’ ਨੂੰ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ ਸੰਗ੍ਰਹਿ) ਭਗਵੰਤ ਰਸੂਲਪੁਰੀ ਦੀ ਪੁਸਤਕ ‘ਡਲਿਵਰੀ ਮੈਨ’ ਨੂੰ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ/ਵਿਅੰਗ) ਡਾ. ਪਰਮਜੀਤ ਢੀਂਗਰਾ ਦੀ ਪੁਸਤਕ ‘ਕਿਤਾਬ ਜੋ ਅਜੇ ਬਾਕੀ ਹੈ’ ਨੂੰ, ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ) ਸ਼ਮੀਲ ਦੀ ਪੁਸਤਕ ‘ਤੇਗ’ ਨੂੰ, ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ) ਸੁਭਾਸ਼ ਭਾਸਕਰ ਦੀ ਪੁਸਤਕ ‘ਅਣਵੰਡਿਆ ਪੰਜਾਬ (ਡਾ. ਚੰਦਰ ਤ੍ਰਿਖਾ)’ ਨੂੰ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ/ਸੰਪਾਦਨ) ਅਮੀਆ ਕੁੰਵਰ ਦੀ ਪੁਸਤਕ ‘ਇਮਰੋਜ਼ਨਾਮਾ’ ਨੂੰ, ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ) ਡਾ. ਇੰਦਰਪ੍ਰੀਤ ਸਿੰਘ ਧਾਮੀ ਦੀ ਪੁਸਤਕ ‘ਸੁਪਨਸਾਜ਼’ ਨੂੰ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਗੁਰਦੀਪ ਸਿੰਘ ਦੀ ਪੁਸਤਕ ‘ਇਹ ਦੇਸ ਪੰਜਾਬ ਦੀ ਸਮਝ ਨਾਹੀਂ’ ਨੂੰ ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਟੀਕਾਕਾਰੀ/ਕੋਸ਼ਕਾਰੀ/ਭਾਸ਼ਾ ਵਿਗਿਆਨ/ਵਿਆਕਰਣ/ਹਵਾਲਾ ਗ੍ਰੰਥ) ਜਗਤਾਰ ਸਿੰਘ ਸੋਖੀ ਦੀ ਪੁਸਤਕ ‘ਪੰਜਾਬੀ ਸਮਾਨਾਰਥਕ ਕੋਸ਼’ ਨੂੰ ਪ੍ਰਦਾਨ ਕੀਤੇ ਜਾਣਗੇ।

 

 

ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਵਰ੍ਹੇ ਦਿੱਤੇ ਜਾਣ ਵਾਲੇ ਵੱਖ-ਵੱਖ ਭਾਸ਼ਾਵਾਂ ਦੇ ਸਰਬੋਤਮ ਪੁਸਤਕ ਪੁਰਸਕਾਰ ਪੰਜਾਬੀ ਮਾਹ ਦੇ ਸਮਾਗਮਾਂ ਦੌਰਾਨ ਪ੍ਰਦਾਨ ਕਰ ਦਿੱਤੇ ਜਾਣਗੇ। ਬਾਕੀ ਰਹਿੰਦੇ ਹਿੰਦੀ, ਉਰਦੂ ਤੇ ਸੰਸਕ੍ਰਿਤ ਦੇ ਪੁਰਸਕਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈਆਂ ਦਿੱਤੀਆਂ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਇਸੇ ਤਰ੍ਹਾਂ ਨਿਰੰਤਰ ਯਤਨਸ਼ੀਲ ਰਹਿਣ ਦੀ ਅਪੀਲ ਕੀਤੀ।