ਦੇਸ਼ ਦੇ 8,000 ਸਕੂਲਾਂ ’ਚ ਇਕ ਵੀ ਵਿਦਿਆਰਥੀ ਨਹੀਂ ਪਰ ਤਾਇਨਾਤ ਹਨ 20,000 ਅਧਿਆਪਕ, ਸਿੱਖਿਆ ਮੰਤਰਾਲੇ ਨੇ ਸੂਬਿਆਂ ‘ਚ ਅਧਿਆਪਕਾਂ ਦਾ ਤਾਇਨਾਤੀ ‘ਤੇ ਚੁੱਕੇ ਸਵਾਲ

ਨਵੀਂ ਦਿੱਲੀ:TLT NEWS/ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ’ਤੇ ਉੱਠਦੇ ਸਵਾਲਾਂ ਵਿਚਾਲੇ ਸਿੱਖਿਆ ਮੰਤਰਾਲੇ ਨੇ ਸੂਬਿਆਂ ਵਿਚ ਅਧਿਆਪਕਾਂ ਦੀ ਅਸਮਾਨ ਤਾਇਨਾਤੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਹਨ। ਨਾਲ ਹੀ, ਸੂਬਿਆਂ ਨੂੰ ਸ਼ੀਸ਼ਾ ਦਿਖਾਉਣ ਲਈ ਦੋ ਤਸਵੀਰਾਂ ਵੀ ਪੇਸ਼ ਕੀਤੀਆਂ ਹਨ। ਮੰਤਰਾਲੇ ਦੀ ਰਿਪੋਰਟ ਮੁਤਾਬਕ, ਦੇਸ਼ ਭਰ ਵਿਚ ਕਰੀਬ 8,000 ਸਕੂਲ ਅਜਿਹੇ ਹਨ, ਜਿੱਥੇ ਇਕ ਵੀ ਬੱਚਾ ਦਾਖ਼ਲ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਸਕੂਲਾਂ ਵਿਚ 20 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਤਾਇਨਾਤੀ ਹੈ। ਯਾਨੀ, ਅਜਿਹੇ ਸਕੂਲਾਂ ਵਿਚ ਔਸਤਨ ਢਾਈ ਅਧਿਆਪਕ ਹਨ, ਜਿਹੜੇ ਬੈਠੇ-ਬੈਠੇ ਹੀ ਤਨਖ਼ਾਹ ਹਾਸਲ ਕਰ ਰਹੇ ਹਨ। ਦੂਜੇ ਪਾਸੇ, ਦੇਸ਼ ਵਿਚ ਇਕ ਲੱਖ ਤੋਂ ਵੱਧ ਅਜਿਹੇ ਸਕੂਲ ਹਨ, ਜਿਹੜੇ ਇਕ ਅਧਿਆਪਕ ਦੇ ਭਰੋਸੇ ਚੱਲ ਰਹੇ ਹਨ ਅਤੇ ਜਿਸ ਵਿਚ ਪੜ੍ਹਣ ਵਾਲੇ ਬੱਚਿਆਂ ਦੀ ਗਿਣਤੀ 33 ਲੱਖ ਤੋਂ ਵੱਧ ਹੈ।

ਸਿੱਖਿਆ ਮੰਤਰਾਲੇ ਨੇ ਸਕੂਲੀ ਸਿੱਖਿਆ ਨੂੰ ਲੈ ਕੇ ਇਹ ਆਪਾ-ਵਿਰੋਧੀ ਤਸਵੀਰ ਪੇਸ਼ ਕੀਤੀ ਹੈ, ਜਦੋਂ ਉਹ ਸਾਰੇ ਸੂਬਿਆਂ ਵਿਚ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਮਲ ਵਿਚ ਤੇਜ਼ੀ ਨਾਲ ਜੁਟੀ ਹੈ। ਸਿੱਖਿਆ ਤੇ ਸਕੂਲਾਂ ਵਿਚ ਅਧਿਆਪਕਾਂ ਦੀ ਤਾਇਨਾਤੀ ਪੂਰੀ ਤਰ੍ਹਾਂ ਨਾਲ ਸੂਬਿਆਂ ਦਾ ਵਿਸ਼ਾ ਹੈ। ਬਾਵਜੂਦ ਇਸ ਦੇ, ਕੇਂਦਰੀ ਸਿੱਖਿਆ ਮੰਤਰਾਲੇ ਦਾ ਲਗਾਤਾਰ ਇਸ ਗੱਲ ’ਤੇ ਜ਼ੋਰ ਰਹਿੰਦਾ ਹੈ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਚੰਗੀ ਤੇ ਗੁਣਵੱਤਾਪੂਰਨ ਸਿੱਖਿਆ ਦਿੰਦੇ ਹੋਏ ਵਿਦਿਆਰਥੀ-ਅਧਿਆਪਕ ਅਨੁਪਾਤ ਨੂੰ ਬਿਹਤਰ ਰੱਖਿਆ ਜਾਵੇ। ਇਸ ਵਿਚ ਹਰੇਕ 30 ਵਿਦਿਆਰਥੀਆਂ ’ਤੇ ਘੱਟ ਤੋਂ ਘੱਟ ਇਕ ਅਧਿਆਪਕ ਹੋਣਾ ਜ਼ਰੂਰੀ ਹੈ। ਆਰਥਿਕ-ਸਮਾਜਿਕ ਰੂਪ ਨਾਲ ਪੱਛੜੇ ਖੇਤਰਾਂ ਦੇ ਸਕੂਲਾਂ ਵਿਚ ਹਰੇਕ 25 ਬੱਚਿਆਂ ’ਤੇ ਘੱਟੋ-ਘੱਟ ਇਕ ਅਧਿਆਪਕ ਦੀ ਤਾਇਨਾਤੀ ਦੀ ਸਿਫ਼ਾਰਸ਼ ਹੈ।

ਸਿੱਖਿਆ ਮੰਤਰਾਲੇ ਵੱਲੋਂ ਸੂਬਿਆਂ ਦੇ ਸਕੂਲਾਂ ਦੀ ਸਥਿਤੀ ’ਤੇ ਤਿਆਰ ਕੀਤੀ ਗਈ 2024-25 ਦੀ ਰਿਪੋਰਟ ਵਿਚ ਜ਼ੀਰੋ ਦਾਖ਼ਲੇ ਵਾਲੇ ਸਕੂਲਾਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਅਜਿਹੇ ਸਕੂਲਾਂ ਦੀ ਗਿਣਤੀ ਕਰੀਬ 13 ਹਜ਼ਾਰ ਸੀ, ਜੋ ਹੁਣ 7,993 ਰਹਿ ਗਈ ਹੈ। ਇਨ੍ਹਾਂ ਵਿਚ ਜ਼ੀਰੋ ਦਾਖ਼ਲੇ ਸਭ ਤੋਂ ਵੱਧ 3,812 ਸਕੂਲ ਇਕੱਲੇ ਪੱਛਮੀ ਬੰਗਾਲ ਦੇ ਹਨ, ਜਿਨ੍ਹਾਂ ਵਿਚ 17,965 ਅਧਿਆਪਕਾਂ ਦੀ ਤਾਇਨਾਤੀ ਹੈ। ਇਸ ਦੇ ਨਾਲ ਹੀ ਤੇਲੰਗਾਨਾ ਵਿਚ 2,245, ਮੱਧ ਪ੍ਰਦੇਸ਼ ’ਚ 463, ਕਰਨਾਟਕ ’ਚ 270, ਤਾਮਿਲਨਾਡੂ ’ਚ 311, ਝਾਰਖੰਡ ’ਚ 107, ਜੰਮੂ-ਕਸ਼ਮੀਰ ’ਚ 146, ਉੱਤਰ ਪ੍ਰਦੇਸ਼ ’ਚ 81 ਅਤੇ ਉੱਤਰਾਖੰਡ ’ਚ 39 ਸਕੂਲ ਜ਼ੀਰੋ ਦਾਖ਼ਲੇ ਵਾਲੇ ਹਨ। ਇਨ੍ਹਾਂ ਸਕੂਲਾਂ ਵਿਚ ਇਕ ਵੀ ਵਿਦਿਆਰਥੀ ਨਾ ਹੋਣ ਦੇ ਬਾਵਜੂਦ ਇਨ੍ਹਾਂ ਵਿਚ 20,817 ਅਧਿਆਪਕ ਤਾਇਨਾਤ ਹਨ।ਉੱਥੇ, ਦੇਸ਼ ’ਚ ਇਕ ਅਧਿਆਪਕ ਵਾਲੇ ਸਕੂਲਾਂ ਦੀ ਸਭ ਤੋਂ ਵੱਧ ਗਿਣਤੀ (12,912) ਆਂਧਰ ਪ੍ਰਦੇਸ਼ ਵਿਚ ਹੈ ਜਦਕਿ 9,508 ਸਕੂਲਾਂ ਦੇ ਨਾਲ ਉੱਤਰ ਪ੍ਰਦੇਸ਼ ਸਥਾਨ ’ਤੇ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰਾਲਾ ਹਰ ਸਾਲ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਕੂਲਾਂ ਦੀ ਸਥਿਤੀ ਨੂੰ ਲੈ ਕੇ ਇਕ ਰਿਪੋਰਟ ਤਿਆਰ ਕਰਦਾ ਹੈ, ਜਿਸ ਦਾ ਬਿਓਰਾ ਸੂਬੇ ਖ਼ੁਦ ਦਿੰਦੇ ਹਨ। ਲੋੜ ਪੈਣ ’ਤੇ ਸਿੱਖਿਆ ਮੰਤਰਾਲੇ ਵੱਲੋਂ ਥਰਡ ਪਾਰਟੀ ਸਰਵੇਖਣ ਵੀ ਕਰਵਾਇਆ ਜਾਂਦਾ ਹੈ।