ਕਪੂਰਥਲਾ ਵਿਖੇ 21 ਨਵੰਬਰ ਨੂੰ ਪੁੱਜੇਗੀ ਸ਼ਹੀਦੀ ਸ਼ਤਾਬਦੀ ਯਾਤਰਾ ਡਿਪਟੀ ਕਮਿਸ਼ਨਰ ਵਲੋਂ ਤਿਆਰੀਆਂ ਦਾ ਜਾਇਜ਼ਾ

ਅਧਿਕਾਰੀਆਂ ਨੂੰ ਡਿਊਟੀ ਸੇਵਾ ਭਾਵਨਾ ਨਾਲ ਨਿਭਾਉਣ ਦੀ ਅਪੀਲ 14 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਹੋਵੇਗਾ “ ਰੌਸ਼ਨੀ ਤੇ ਆਵਾਜ਼ “ ਪ੍ਰੋਗਰਾਮ ਕਪੂਰਥਲ਼ਾ(TLT NEWS)ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਸ਼ਤਾਬਦੀ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਤਹਿਤ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਯਾਤਰਾ ਕਪੂਰਥਲਾ ਵਿਖੇ 21 ਨਵੰਬਰ ਨੂੰ ਪੁੱਜੇਗੀ । ਇਹ ਯਾਤਰਾ ਗੋਇੰਦਵਾਲ ਸਾਹਿਬ ਤੋਂ ਹੁੰਦੀ ਹੋਈ ਮੁੰਡੀ ਮੋੜ, ਉੱਚਾ, ਪਰਵੇਜ ਨਗਰ ਤੇ ਕਪੂਰਥਲਾ ਤੋਂ ਹੁੰਦੀ ਹੋਈ ਕਰਤਾਰਪੁਰ ਰਾਹੀਂ ਜਲੰਧਰ ਵਿਖੇ ਦਾਖਲ ਹੋਵੇਗੀ। 22 ਨਵੰਬਰ ਨੂੰ ਇਹ ਜਲੰਧਰ ਤੋਂ ਫਗਵਾੜਾ ਹੁੰਦੀ ਹੋਈ ਅੱਗੇ ਬੰਗਾ ਨੂੰ ਰਵਾਨਾ ਹੋਵੇਗੀ ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ । ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸ੍ਰੀ ਗੌਰਵ ਤੂਰਾ, ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ,ਕਮਿਸ਼ਨ ਨਗਰ ਨਿਗਮ ਅਨੁਪਮ ਕਲੇਰ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦੀ ਯਾਤਰਾ ਦਾ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਧਾਰਮਿਕ ਜਥੇਬੰਦੀਆਂ ਵਲੋਂ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ, ਉਥੇ ਹੀ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਮੁੰਡੀ ਮੋੜ ਵਿਖੇ ਸ਼ਹੀਦੀ ਸ਼ਤਾਬਦੀ ਯਾਤਰਾ ਨੂੰ ਸਲਾਮੀ ਵੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸੰਗਤ ਲਈ ਮੁੰਡੀ ਮੋੜ, ਉੱਚਾ , ਪਰਵੇਜ ਨਗਰ ਤੇ ਕਪੂਰਥਲਾ ਬੱਸ ਸਟੈਂਡ ਵਿਖੇ ਲੰਗਰਾਂ ਲਈ ਲੋਂੜੀਦੇ ਪ੍ਰਬੰਧ  ਕੀਤੇ ਜਾਣਗੇ । ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸੁਚਾਰੂ ਆਵਾਜਾਈ, ਸੁਰੱਖਿਆ ਤੇ ਪਾਰਕਿੰਗ ਦੇ ਮੁਕੰਮਲ ਪ੍ਰਬੰਧ ਯਕੀਨੀ ਬਣਾਉਣ ਲਈ ਵੀ ਕਿਹਾ।ਉਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪੂਰੀ ਸੇਵਾ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ , ਨੈਸ਼ਨਲ ਹਾਈਵੇ ਅਥਾਰਟੀ ਨੂੰ ਸ਼ਹੀਦੀ ਯਾਤਰਾ ਦੇ ਰੂਟ ਉੇਪਰ ਸੜਕਾਂ ਦੀ ਮੁਰੰਮਤ 10 ਨਵੰਬਰ ਤੱਕ ਕਰਨ ਦੇ ਨਿਰਦੇਸ਼ ਦਿੱਤੇ । ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਤੇ ਐਂਬੂਲੈਂਸਾਂ ਵੀ ਤਾਇਨਾਤ ਕਰਨ ਦੇ ਹੁਕਮ ਦਿੱਤੇ । ਉਨ੍ਹਾਂ ਕਿਹਾ ਕਿ ਐਸ ਡੀ ਐਮ ਪੱਧਰ ਦੇ ਅਧਿਕਾਰੀ ਸਾਰੇ ਪ੍ਰਬੰਧਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ । ਡਿਪਟੀ ਕਮਿਸ਼ਨਰ ਵਲੋਂ 14 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਦਰਸਾਉਂਦਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸ਼ਾਮ ਵੇਲੇ ਪੇਸ਼ ਹੋਣ ਵਾਲੇ ਲਾਇਟ ਐਂਡ ਸਾਊਂਡ ਸ਼ੋਅ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ । ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਲਈ ਮੋਬਾਇਲ ਮੈਡੀਕਲ ਟੀਮਾਂ ਤਾਇਨਾਤ ਕਰਨ ਤੋਂ ਇਲਾਵਾ ਆਰਜ਼ੀ ਪਖਾਨਿਆਂ ਦੀ ਵੀ ਵਿਵਸਥਾ ਕਰਨ ਦੇ ਹੁਕਮ ਦਿੱਤੇ ਗਏ ਹਨ।