72 ਘੰਟਿਆਂ ’ਚ ਚਵਨਪ੍ਰਾਸ਼ ਨਾਲ ਜੁੜਿਆ ਇਸ਼ਤਿਹਾਰ ਹਟਾਵੇ ਪਤੰਜਲੀ , ਹਾਈ ਕੋਰਟ ਨੇ ਦਿੱਤੀ ਹਦਾਇਤ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਹਦਾਇਤ ਦਿੱਤੀ ਹੈ ਕਿ ਉਹ ਡਾਬਰ ਦੇ ਉਤਪਾਦਾਂ ਨੂੰ ਧੋਖਾ ਦਿੰਦੇ ਹੋਏ ਦਰਸਾਉਂਦੇ ਚਵਨਪ੍ਰਾਸ਼ ਦੇ ਵਿਗਿਆਪਨ ਨੂੰ 72 ਘੰਟਿਆਂ ’ਚ ਹਟਾ ਦੇਵੇ। ਜੱਜ ਤੇਜਸ ਕਾਰੀਆ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਝੂਠੇ, ਭਰਮਾਉਣ ਵਾਲੇ ਅਤੇ ਅਣਉਚਿਤ ਵਿਗਿਆਪਨ ਨੂੰ ਸੰਵਿਧਾਨਕ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਪਤੰਜਲੀ ਦੇ ਚਵਨਪ੍ਰਾਸ਼ ਇਸ਼ਤਿਹਾਰ ਨੇ ਇਹ ਸੁਨੇਹਾ ਦੇ ਕੇ ਇਸ ਹੱਦ ਨੂੰ ਪਾਰ ਕਰ ਲਿਆ ਹੈ ਕਿ ਹੋਰ ਸਾਰੇ ਨਿਰਮਾਤਾ ਉਪਭੋਗਤਾਵਾਂ ਨੂੰ ਧੋਖਾ ਦੇ ਰਹੇ ਹਨ।ਅਦਾਲਤ ਨੇ ਕਿਹਾ ਕਿ ਜੋ ਕੋਈ ਵੀ ਆਯੁਰਵੇਦਿਕ ਉਤਪਾਦ ਦਾ ਨਿਰਮਾਣ ਕਾਨੂੰਨ ਅਤੇ ਉਸ ਵਿਚ ਦਰਸਾਏ ਗਏ ਨਿਯਮਾਂ ਦੀ ਪਾਲਣਾ ਕਰਦਿਆਂ ਕਰਦਾ ਹੈ, ਉਸਨੂੰ ਭਰਮਾਉਣ ਵਾਲਾ ਕਹਿ ਕੇ ਬਦਨਾਮ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਪਤੰਜਲੀ ਆਯੁਰਵੇਦ ਦੇ ਅਪਮਾਨਜਨਕ ਵਿਗਿਆਪਨ ‘ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਡਾਬਰ ਇੰਡੀਆ ਦੀ ਪਟੀਸ਼ਨ ’ਤੇ ਅੰਤਰਿਮ ਆਦੇਸ਼ ਜਾਰੀ ਕੀਤਾ। ਡਾਬਰ ਇੰਡੀਆ ਨੇ ਪਤੰਜਲੀ ਦੁਆਰਾ ਜਾਰੀ ਕੀਤੇ 25 ਸਕਿੰਟ ਦੇ ਇਸ਼ਤਿਹਾਰ ਨੂੰ ਚੁਣੌਤੀ ਦਿੱਤੀ ਸੀ।