ਖੁਸ਼ਖਬਰ : ਚੰਡੀਗੜ੍ਹ ਹਵਾਈ ਅੱਡੇ ਤੋਂ ਚਾਰ ਕੌਮਾਂਤਰੀ ਉਡਾਣਾਂ ਦੀ ਤਿਆਰੀ, ਅਗਲੇ ਸਰਦੀਆਂ ਦੇ ਸ਼ਡਿਊਲ ਤੋਂ ਯਾਤਰੀਆਂ ਨੂੰ ਮਿਲ ਸਕਦੀ ਹੈ ਸਹੂਲਤ

TLT NEWS/ਚੰਡੀਗੜ੍ਹ । ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਆਗਾਮੀ ਵਿੰਟਰ ਸ਼ਡਿਊਲ ਤੋਂ ਕੌਮਾਂਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਏਅਰਲਾਈਨ ਕੰਪਨੀਆਂ ਨੂੰ ਆਕਰਸ਼ਿਤ ਕਰਨ ਅਤੇ ਨਵੀਆਂ ਕੌਮਾਂਤਰੀ ਉਡਾਣਾਂ ਦੀ ਸ਼ੁਰੂਆਤ ਨੂੰ ਵਿਵਹਾਰਕ ਬਣਾਉਣ ਲਈ ਏਅਰਪੋਰਟ ਪ੍ਰਸ਼ਾਸਨ ਨੇ ਆਪਣੀ ਆਮਦਨ ਵਿਚ ਮਾਮੂਲੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਰਣਨੀਤੀ ਤਹਿਤ ਚੰਡੀਗੜ੍ਹ ਏਅਰਪੋਰਟ ਤੋਂ ਚਾਰ ਪ੍ਰਮੁੱਖ ਡੈਸਟੀਨੇਸ਼ਨਾਂ ਬੈਂਕਾਕ, ਮਲੇਸ਼ੀਆ, ਲੰਡਨ ਅਤੇ ਸਿੰਗਾਪੁਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਯੋਜਨਾ ਲਈ ਵਿਸਤਾਰਤ ਕਾਰਜਯੋਜਨਾ ਹੋ ਚੁੱਕੀ ਹੈ ਤਿਆਰ

ਏਅਰਪੋਰਟ ਅਥਾਰਟੀ ਨੇ ਇਸ ਅਹਿਮ ਯੋਜਨਾ ਲਈ ਵਿਸਤਾਰਤ ਕਾਰਜਯੋਜਨਾ ਤਿਆਰ ਕਰ ਲਈ ਹੈ। ਇਸ ਤਹਿਤ ਸਬੰਧਤ ਏਅਰਲਾਈਨਾਂ ਨੂੰ ਕੌਮਾਂਤਰੀ ਯਾਤਰਾ ਦੀ ਮੰਗ, ਸੰਭਾਵਿਤ ਯਾਤਰੀ ਗਿਣਤੀ ਅਤੇ ਹੋਰ ਆਵਾਜਾਈ ਪਹਿਲੂਆਂ ਨਾਲ ਜੁੜਿਆ ਵਿਸਤਾਰਤ ਡਾਟਾ ਉਪਲਬਧ ਕਰਵਾਇਆ ਗਿਆ ਹੈ ਤਾਂ ਕਿ ਏਅਰਲਾਈਨਜ਼ ਆਪਣੇ ਪੱਧਰ ’ਤੇ ਇਨ੍ਹਾਂ ਰੂਟਸ ਦੀ ਆਰਥਿਕ ਤੇ ਆਵਾਜਾਈ ਵਿਵਹਾਰਕਤਾ ਦਾ ਮੁਲਾਂਕਣ ਕਰ ਸਕਣ। ਅਧਿਕਾਰੀਆਂ ਦੇ ਮੁਤਾਬਕ, ਇਨ੍ਹਾਂ ਰੂਟਸ ’ਤੇ ਲੋੜੀਂਦੇ ਯਾਤਰੀਆਂ ਦੀ ਸਮਰੱਥਾ ਮੌਜੂਦ ਹੈ, ਜਿਸਨੂੰ ਹੁਣ ਤੱਕ ਸਿੱਧੀਆਂ ਉਡਾਣਾਂ ਦੀ ਘਾਟ ਵਿਚ ਹੋਰ ਹੱਬਸ ਰਾਹੀਂ ਪੂਰਾ ਕੀਤਾ ਜਾ ਰਿਹਾ ਹੈ।

ਏਅਰਲਾਈਨਜ਼ ’ਤੇ ਪੈਣ ਵਾਲੇ ਓਵਰਹੈੱਡ ਐਕਸਪੈਂਡੀਚਰ ਦੇ ਬੋਝ ਨੂੰ ਘੱਟ ਕਰਨਾ ਉਦੇਸ਼

ਏਅਰਪੋਰਟ ਪ੍ਰਸ਼ਾਸਨ ਦਾ ਮੁੱਖ ਉਦੇਸ਼ ਏਅਰਲਾਈਨਜ਼ ’ਤੇ ਪੈਣ ਵਾਲੇ ਓਵਰਹੈੱਡ ਐਕਸਪੈਂਡੀਚਰ ਦੇ ਬੋਝ ਨੂੰ ਘੱਟ ਕਰਨਾ ਹੈ। ਇਸਦੇ ਲਈ ਲੈਂਡਿੰਗ, ਪਾਰਕਿੰਗ, ਗਰਾਊਂਡ ਹੈਂਡਲਿੰਗ ਅਤੇ ਹੋਰ ਏਅਰੋਨਾਟਿਕਲ ਚਾਰਜ ਵਿਚ ਰਿਆਇਤ ਦੇਣ ਦੀ ਯੋਜਨਾ ਬਣਾਈ ਗਈ ਹੈ। ਏਅਰਪੋਰਟ ਆਪਣੀ ਕਮਾਈ ਵਿਚ ਕਟੌਤੀ ਕਰ ਕੇ ਏਅਰਲਾਈਨਜ਼ ਨੂੰ ਸੰਚਾਲਨ ਲਾਗਤ ਵਿਚ ਰਾਹਤ ਦੇਵੇਗਾ, ਜਿਸ ਨਾਲ ਉਹ ਬਿਨਾਂ ਵਾਧੂ ਵਿੱਤੀ ਦਬਾਅ ਦੇ ਕੌਮਾਂਤਰੀ ਉਡਾਣਾਂ ਸ਼ੁਰੂ ਕਰ ਸਕਣ। ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਵੇਂ ਸ਼ੁਰੂਆਤੀ ਦੌਰ ਵਿਚ ਏਅਰਪੋਰਟ ਦੇ ਮਾਲੀਏ ਵਿਚ ਕਮੀ ਆਵੇ ਪਰ ਕੌਮਾਂਤਰੀ ਉਡਾਣਾਂ ਦੀ ਸ਼ੁਰੂਆਤ ਨਾਲ ਯਾਤਰੀ ਟ੍ਰੈਫਿਕ ਵਿਚ ਜ਼ਿਕਰਯੋਗ ਵਾਧਾ ਹੋਵੇਗਾ। ਇਸ ਨਾਲ ਭਵਿੱਖ ਦੀ ਕੁੱਲ ਕਮਾਈ ਵਿਚ ਵਾਧਾ ਹੋਵੇਗਾ। ਨਾਲ ਹੀ, ਕੌਮਾਂਤਰੀ ਕੁਨੈਕਟਵਿਟੀ ਵਧਣ ਨਾਲ ਖੇਤਰੀ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਨੂੰ ਵੀ ਨਵਾਂ ਉਤਸ਼ਾਹ ਮਿਲਣ ਦੀ ਉਮੀਦ ਹੈ।

ਫ਼ਿਲਹਾਲ ਚੰਡੀਗੜ੍ਹ ਏਅਰਪੋਰਟ ਤੋਂ ਸਿਰਫ਼ ਦੋ ਕੌਮਾਂਤਰੀ ਉਡਾਣਾਂ ਦਾ ਸੰਚਾਲਨ

ਹਾਲ-ਫ਼ਿਲਹਾਲ ਦੀ ਗੱਲ ਕਰੀ ਤਾਂ ਚੰਡੀਗੜ੍ਹ ਤੋਂ ਸਿਰਫ਼ ਦੋ ਕੌਮਾਂਤਰੀ ਉਡਾਣਾਂ ਦੁਬਈ ਅਤੇ ਆਬੂ ਧਾਬੀ ਲਈ ਹੀ ਚੱਲਦੀਆਂ ਹਨ। ਏਅਰਪੋਰਟ ਦੇ ਸੀਈਓ ਅਜੈ ਵਰਮਾ ਦੇ ਮੁਤਾਬਕ ਕਈ ਕੌਮਾਂਤਰੀ ਏਅਰਲਾਈਨਜ਼ ਨਾਲ ਗੱਲਬਾਤ ਆਖ਼ਰੀ ਦੌਰ ਵਿਚ ਹੈ।

ਕੋਸ਼ਿਸ਼ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਸਾਰੇ ਚਾਰ ਰੂਟਾਂ ’ਤੇ ਉਡਾਣਾਂ ਸ਼ੁਰੂ ਹੋ ਜਾਣ। ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਵੀ ਇਸ ਵਿਸਤਾਰ ਲਈ ਕਾਫੀ ਸਰਗਰਮ ਹਨ। ਸੂਬਿਆਂ ਵੱਲੋਂ ਏਅਰਲਾਈਨਜ਼ ਨੂੰ ਸ਼ੁਰੂਆਤੀ ਆਪ੍ਰੇਸ਼ਨਸ ਲਈ ਕੈਸ਼ ਇੰਸੈਟਿੰਵ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਕਦਮ ਨਾਲ ਏਅਰਲਾਈਨਜ਼ ਦੀ ਦਿਲਚਸਪੀ ਵਧਣ ਦੀ ਪੂਰੀ ਉਮੀਦ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਏਅਰਪੋਰਟ ਤੋਂ ਹਰ ਸਾਲ ਕਰੀਬ 4.2 ਮਿਲੀਅਨ ਯਾਤਰੀ ਸਫ਼ਰ ਕਰਦੇ ਹਨ ਅਤੇ ਘਰੇਲੂ ਕਾਰਗੋ ਪਿਛਲੇ ਸਾਲ ਦੀ ਤੁਲਨਾ ਵਿਚ 65 ਫ਼ੀਸਦੀ ਵਧਿਆ ਹੈ।