ਜਲੰਧਰ (ਰਮੇਸ਼ ਗਾਬਾ) : ਪੰਜਾਬ, ਜਿੱਥੇ ਦੁੱਧ ਦੀ ਕੋਈ ਕਮੀ ਨਹੀਂ ਹੈ, ਇੱਥੇ ਵਿਕਣ ਵਾਲਾ ਪਨੀਰ ਮਿਲਾਵਟੀ ਅਤੇ ਘਟੀਆ ਮਿਆਰ ਦਾ ਹੈ। ਇਹ ਜਾਣਕਾਰੀ ਕੇਂਦਰ ਸਰਕਾਰ ਦੇ ਸਿਹਤ ਮੰਤਰੀ ਨੇ ਰਾਜ ਸਭਾ ਵਿਚ ਪੇਸ਼ ਕੀਤੀ ਰਿਪੋਰਟ ਵਿਚ ਦਿੱਤੀ ਹੈ।ਸਿਹਤ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਮੁਤਾਬਕ ਸਾਲ 2024-25 ਵਿਚ ਪਨੀਰ ਦੇ 531 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 255 ਨਮੂਨੇ ਮਿਲਾਵਟੀ ਤੇ ਗੁਣਵੱਤਾ ਟੈਸਟ ਵਿਚ ਫੇਲ੍ਹ ਹੋਏ ਹਨ। ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਵਿਚ ਪਨੀਰ ਦੇ ਫੇਲ੍ਹ ਨਮੂਨਿਆਂ ਦੀ ਦਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਲੋਂ ਵੀ ਵੱਧ ਹੈ। ਪੰਜਾਬ ਵਿਚ ਪਨੀਰ ਤੇ ਦੁੱਧ ਨਾਲ ਬਣੇ ਖ਼ੁਰਾਕ ਪਦਾਰਥਾਂ ਦੀ ਫੇਲ ਦਰ 47 ਫ਼ੀਸਦ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿਚ 33.3 ਤੇ ਹਰਿਆਣਾ ਵਿਚ 43.8 ਫ਼ੀਸਦ ਹੈ।
ਇਸੇ ਦੌਰਾਨਜਲੰਧਰ ਵਿਚ ਪਿਛਲੇ ਤਿੰਨ ਮਹੀਨਿਆਂ ਵਿਚ ਪਨੀਰ ਦੇ 13 ਨਮੂਨੇ ਭਰੇ ਗਏ, ਜਿਨ੍ਹਾਂ ਵਿੱਚੋਂ 5 ਫੇਲ ਹੋਏ। ਦੇਸੀ ਘਿਓ ਵੀ ਮਿਲਾਵਟੀ ਵਿਕ ਰਿਹਾ ਹੈ। ਜਲੰਧਰ ਵਿਚ ਦੇਸੀ ਘਿਓ ਦੇ ਦੋ ਨਮੂਨੇ ਭਰੇ ਗਏ ਅਤੇ ਦੋਵੇਂ ਫੇਲ੍ਹ ਹੋਏ। ਹਾਲਾਂਕਿ ਪਿਛਲੇ ਤਿੰਨ ਮਹੀਨਿਆਂ ਵਿਚ ਵੱਖ-ਵੱਖ ਖੁਰਾਕ ਪਦਾਰਥਾਂ ਦੇ 94 ਨਮੂਨੇ ਭਰੇ ਗਏ ਸਨ ਜਦਕਿ 15 ਫੇਲ੍ਹ ਹੋਏ।
ਖ਼ੁਰਾਕ ਸੁਰੱਖਿਆ ਅਧਿਕਾਰੀ ਰੋਬਿਨ ਦਾ ਕਹਿਣਾ ਹੈ ਕਿ ਘਟੀਆ ਮਿਆਰ ਦੇ ਖ਼ੁਰਾਕ ਪਦਾਰਥਾਂ ਦੇ ਨਮੂਨੇ ਫੇਲ੍ਹ ਹੋਣ ‘ਤੇ ਕੇਸ ਸਿਹਤ ਲਈ ਅਸੁਰੱਖਿਅਤ ਪਾਈ ਜਾਣ ‘ਤੇ ਮਾਮਲਾ ਸੀਜੇਐੱਮ ਦੀ ਅਦਾਲਤ ਵਿਚ ਲਾਇਆ ਜਾਂਦਾ ਹੈ। ਮਿਲਾਵਟੀ ਤੇ ਅਸੁਰੱਖਿਅਤ ਨਮੂਨੇ ਪਾਏ ਜਾਣ ‘ਤੇ ਦੋਸ਼ੀ ਵਪਾਰੀ ਨੂੰ 6 ਮਹੀਨੇ ਤੋਂ 3 ਸਾਲ ਤੱਕ ਦੀ ਸਜ਼ਾ ਤੇ 5 ਤੋਂ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦਾ ਇੰਤਜ਼ਾਮ ਹੈ। ਇਸ ਬਾਰੇ ਖ਼ੁਰਾਕ ਸੁਰੱਖਿਆ ਅਧਿਕਾਰੀ ਰਾਸ਼ੂ ਮਹਾਜਨ ਦਾ ਕਹਿਣਾ ਹੈ ਕਿ ਖ਼ੁਰਾਕੀ ਪਦਾਰਥਾਂ ਵਿਚ ਮਿਲਾਵਟ ਦੀ ਜਾਂਚ ਕਰਨ ਲਈ ਲੋਕ ਘਰ ਵਿਚ ਵੀ ਜਾਂਚ ਕਰ ਸਕਦੇ ਹਨ।
ਦੇਸੀ ਘਿਓ ਦੀ ਜਾਂਚ ਇੰਝ ਕਰੀਏ : ਇਕ ਗਿਲਾਸ ਪਾਣੀ ਵਿਚ ਇਕ ਚੱਮਚ ਘਿਓ ਪਾਓ। ਜੇ ਇਹ ਤੈਰਦਾ ਹੈ, ਤਾਂ ਸ਼ੁੱਧ ਹੈ। ਥੋੜਾ ਘਿਓ ਉਬਾਲੋ ਤੇ ਫ੍ਰਿਜ ਵਿਚ ਠੰਢਾ ਕਰੋ। ਜੇ ਕੋਈ ਵੱਖਰੀ ਪਰਤ ਨਜ਼ਰ ਆਵੇ ਤਾਂ ਘਿਓ ਵਿਚ ਹੋਰ ਤੇਲਾਂ ਦੀ ਮਿਲਾਵਟ ਹੋ ਸਕਦੀ ਹੈ।
ਪਨੀਰ ਦੀ ਜਾਂਚ
– ਪਨੀਰ ਦੇ ਟੁਕੜੇ ਨੂੰ ਘੱਟ ਆਂਚ ‘ਤੇ ਗਰਮ ਕਰੋ। ਸ਼ੁੱਧ ਪਨੀਰ ਥੋੜ੍ਹਾ ਸੁੰਗੜੇਗਾ, ਪਾਣੀ ਛੱਡੇਗਾ ਅਤੇ ਹਲਕਾ ਪੀਲਾ ਹੋ ਸਕਦਾ ਹੈ।
– ਮਿਲਾਵਟੀ ਪਨੀਰ ਪਿਘਲ ਕੇ ਚਿਪਚਿਪਾ ਹੋ ਜਾਵੇਗਾ ਜਾਂ ਤੇਲ ਛੱਡਣ ਲੱਗੇਗਾ।
– ਕੋਸੇ ਪਾਣੀ ’ਚ ਨਿੰਬੂ ਦਾ ਰਸ ਮਿਲਾ ਕੇ ਉਸ ਵਿਚ ਪਨੀਰ ਪਾਓ। ਸ਼ੁੱਧ ਪਨੀਰ ਵਿਚ ਕੋਈ ਬਦਲਾਅ ਨਹੀਂ ਆਏਗਾ।
– ਜੇ ਪਨੀਰ ਟੁੱਟਦਾ ਹੈ, ਤਾਂ ਚਾਕ ਦੀ ਮਿਲਾਵਟ ਹੋ ਸਕਦੀ ਹੈ।
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਨੀਰ ਤੇ ਦੇਸੀ ਘਿਓ ਵਿਚ ਪਾਮ ਆਇਲ ਅਤੇ ਵੈਜੀਟੇਬਲ ਆਇਲ ਦੇ ਨਾਲ-ਨਾਲ ਸਟਾਰਚ, ਸੁਕਰੋਜ਼ ਅਤੇ ਪ੍ਰਿਜਰਵੇਟਿਵਜ਼ ਦੇ ਕੈਮੀਕਲਾਂ ਦੀ ਮਿਲਾਵਟ ਪਾਈ ਜਾ ਰਹੀ ਹੈ। ਇਨ੍ਹਾਂ ਦੀ ਵਰਤੋਂ ਨਾਲ ਬਦਹਜ਼ਮੀ, ਉਲਟੀ, ਡਾਇਰੀਆ, ਐਲਰਜੀ ਰਿਐਕਸ਼ਨ, ਲੰਬੇ ਸਮੇਂ ਤੱਕ ਇਨ੍ਹਾਂ ਦੀ ਵਰਤੋਂ ਨਾਲ ਕਿਡਨੀ ਅਤੇ ਲਿਵਰ ਖਰਾਬ ਹੋਣ ਤੋਂ ਇਲਾਵਾ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਵਿਚ ਸਨਸ਼ਾਈਨ ਕਾਲੋਨੀ ਲੱਧੇਵਾਲੀ ਵਿਚ ਇਕ ਘਰ ਵਿਚ ਚੱਲ ਰਹੀ ਹੱਟੀ ਤੋਂ 45 ਕਿੱਲੋ ਪਨੀਰ ਤੇ 50 ਕਿੱਲੋ ਦੇਸੀ ਘਿਓ ਸੀਲ ਕੀਤਾ ਗਿਆ ਸੀ। ਨਮੂਨੇ ਫੇਲ੍ਹ ਹੋਣ ‘ਤੇ ਪਿਛਲੇ ਹਫ਼ਤੇ ਸਾਮਾਨ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਦੀ ਸਪਲਾਈ ਕਰਨ ਵਾਲੇ ਵਪਾਰੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਿਹਤ ਵਿਭਾਗ ਦੇ ਏਡੀਏ ਕਮਿਸ਼ਨਰ ਦਿਲਰਾਜ ਸੰਧਾਵਾਲੀਆ ਦਾ ਕਹਿਣਾ ਹੈ ਕਿ ਸੂਬੇ ਵਿਚ ਮਿਲਾਵਟੀ ਤੇ ਘਟੀਆ ਮਿਆਰ ਦੇ ਪਨੀਰ, ਦੇਸੀ ਘਿਓ ਅਤੇ ਹੋਰ ਦੁੱਧ ਨਾਲ ਬਣੇ ਉਤਪਾਦਾਂ ਦੀ ਵਿਕਰੀ ਕਰਨ ਵਾਲਿਆਂ ‘ਤੇ ਸਮੇਂ-ਸਮੇਂ ‘ਤੇ ਮੁਹਿੰਮ ਚਲਾ ਕੇ ਨਮੂਨੇ ਭਰੇ ਜਾਂਦੇ ਹਨ। ਇਸ ਤੋਂ ਇਲਾਵਾ, ਫੂਡ ਵੈਨ ਦੇ ਜ਼ਰੀਏ ਵੀ ਟੀਮ ਖੁਰਾਕ ਪਦਾਰਥਾਂ ਦੇ ਨਮੂਨਿਆਂ ਦੀ ਜਾਂਚ ਕਰ ਰਹੀ ਹੈ।

More Stories
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ 5 ਕਰੋੜ ਦੀ ਲਾਗਤ ਵਾਲੇ ਇੰਟਰਲਾਕ ਤੇ ਸੈਂਟਰ ਵਰਜ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਜਲੰਧਰ: ਪੰਜਾਬੀ ਅਦਾਕਾਰਾ ਤਾਨੀਆ ਨੇ ‘ਦਿੱਲੀ ਪੈਂਟਸ’ ਸਟੋਰ ਦਾ ਕੀਤਾ ਵਿਸ਼ੇਸ਼ ਦੌਰਾ
ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ