ਪੰਜਾਬ ਪੁਲਿਸ ਦਾ ਅਪਰਾਧੀਆਂ ‘ਤੇ ਕਰੜਾ ਹੱਥ: 90 ਦਿਨਾਂ ‘ਚ 49,000 ਤੋਂ ਵੱਧ ਮੁਲਜ਼ਮ ਕੀਤੇ ਗ੍ਰਿਫ਼ਤਾਰ

ਪੰਜਾਬ ਪੁਲਿਸ ਦਾ ਅਪਰਾਧੀਆਂ 'ਤੇ ਕਰੜਾ ਹੱਥ: 90 ਦਿਨਾਂ 'ਚ 49,000 ਤੋਂ ਵੱਧ ਮੁਲਜ਼ਮ ਕੀਤੇ ਗ੍ਰਿਫ਼ਤਾਰਚੰਡੀਗੜ੍ਹ :TLT NEWS/  ਪਿਛਲੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਨੇ 62,302 ਛਾਪੇ ਮਾਰ ਕੇ 915 ਭਗੌੜੇ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਕੁੱਲ 22,605 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ 461 ਗੈਂਗਸਟਰਾਂ ਦੇ ਸਾਥੀ ਅਤੇ 22,144 ਲੋੜੀਂਦੇ ਮੁਲਜ਼ਮ ਸ਼ਾਮਲ ਹਨ। ਪੰਜਾਬ ਪੁਲਿਸ ਦੇ ਬੁਲਾਰੇ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ 10,254 ਮੁਲਜ਼ਮਾਂ ਨੂੰ ਨਿਵਾਰਕ ਹਿਰਾਸਤ ਵਿਚ ਲਿਆ ਗਿਆ, ਜਿਨ੍ਹਾਂ ਵਿਚ 444 ਸਾਥੀ ਅਤੇ 9,810 ਲੋੜੀਂਦੇ ਮੁਲਜ਼ਮ ਸਨ। ਇਸ ਤੋਂ ਇਲਾਵਾ 16,439 ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ, ਜਿਨ੍ਹਾਂ ਵਿਚ 1277 ਸਾਥੀ ਅਤੇ 15,162 ਲੋੜੀਂਦੇ ਮੁਲਜ਼ਮ ਸ਼ਾਮਲ ਸਨ। ਕੁੱਲ ਮਿਲਾ ਕੇ ਇਸ ਅਭਿਆਨ ਦੌਰਾਨ 49,298 ਮੁਲਜ਼ਮਾਂ ਖ਼ਿਲਾਫ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਵਿਚ 2,182 ਸਾਥੀ ਅਤੇ 47,116 ਲੋੜੀਂਦੇ ਮੁਲਜ਼ਮ ਸ਼ਾਮਲ ਹਨ, ਜੋ ਕਾਰਵਾਈ ਦੀ ਗਹਿਰਾਈ ਅਤੇ ਵਿਸ਼ਾਲਤਾ ਨੂੰ ਦਰਸਾਉਂਦਾ ਹੈ।ਜਾਰੀ ਬਿਆਨ ਅਨੁਸਾਰ ਗ੍ਰਿਫ਼ਤਾਰੀਆਂ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਵੀ ਬਰਾਮਦ ਕੀਤੇ ਗਏ, ਜਿਸ ਨਾਲ ਅਪਰਾਧੀ ਨੈੱਟਵਰਕ ਦੀ ਕਾਰਵਾਈ ਸਮਰੱਥਾ ਕਮਜ਼ੋਰ ਹੋਈ। ਪੁਲਿਸ ਨੇ ਇਸ ਦੌਰਾਨ 408 ਹਥਿਆਰ, 148 ਤੇਜ਼ਧਾਰ ਹਥਿਆਰ, 1197 ਕਾਰਤੂਸ, 122 ਮੈਗਜ਼ੀਨ, 2.5 ਕਿਲੋਗ੍ਰਾਮ ਵਿਸਫੋਟਕ ਅਤੇ 6 ਹੈਂਡ ਗ੍ਰੇਨੇਡ ਬਰਾਮਦ ਕੀਤੇ।ਪੁਲਿਸ ਨੇ 378.45 ਕਿਲੋਗ੍ਰਾਮ ਹੈਰੋਇਨ, 301.947 ਕਿਲੋਗ੍ਰਾਮ ਅਫੀਮ, 2,838.77 ਕਿਲੋਗ੍ਰਾਮ ਭੁੱਕੀ, 12,37,318 ਨਸ਼ੀਲੀਆਂ ਗੋਲੀਆਂ, 7373.82 ਗ੍ਰਾਮ ਨਸ਼ੀਲਾ ਪਾਊਡਰ, 101.459 ਕਿਲੋਗ੍ਰਾਮ ਗਾਂਜਾ ਅਤੇ 790 ਗ੍ਰਾਮ ‘ਆਈਈਸੀ’ ਬਰਾਮਦ ਕੀਤੀ। ਇਸ ਤੋਂ ਇਲਾਵਾ 1,05,31,171 ਰੁਪਏ ਦੀ ਡਰੱਗ ਮਨੀ, 50,66,740 ਰੁਪਏ ਨਕਦ ਅਤੇ 273 ਗ੍ਰਾਮ ਸੋਨਾ ਵੀ ਜ਼ਬਤ ਕੀਤਾ ਗਿਆ। ਗੈਰ-ਕਾਨੂੰਨੀ ਵਪਾਰ ‘ਤੇ ਲਗਾਮ ਕਸਦੇ ਹੋਏ ਪੁਲਿਸ ਨੇ 24,520.25 ਲੀਟਰ ਗੈਰਕਾਨੂੰਨੀ ਸ਼ਰਾਬ ਵੀ ਜ਼ਬਤ ਕੀਤੀ, ਜਿਸ ਵਿੱਚ 10,984.75 ਬੋਤਲਾਂ ਅਤੇ 176 ਪੇਟੀਆਂ ਸ਼ਾਮਲ ਹਨ। ਗੈਂਗਸਟਰਾਂ ਦੇ ਲਾਜਿਸਟਿਕ ਨੈੱਟਵਰਕ ਨੂੰ ਤੋੜਨ ਲਈ 4,229 ਮੋਬਾਈਲ ਫੋਨ, 815 ਵਾਹਨ ਅਤੇ 31 ਡਰੋਨ ਬਰਾਮਦ ਕੀਤੇ ਹਨ।