31ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ 13-14 ਅਗਸਤ ਨੂੰ, ਅਮਨ ਤੇ ਦੋਸਤੀ ਦਾ ਦਿੱਤਾ ਜਾਵੇਗਾ ਸੁਨੇਹਾ

ਵਾਹਗਾ ਸਰਹੱਦ ਤੇ ਹਿੰਦ-ਪਾਕਿ ਦੋਸਤੀ ਸੰਮੇਲਨ 13-14 ਅਗਸਤ ਨੂੰਜਲੰਧਰ  (ਰਮੇਸ਼ ਗਾਬਾ) ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਦੇ ਲੋਕਾਂ ਦਰਮਿਆਨ ਮੁਹੱਬਤ, ਅਮਨ ਅਤੇ ਦੋਸਤੀ ਦਾ ਸੁਨੇਹਾ ਮਜ਼ਬੂਤ ਕਰਨ ਲਈ 31ਵਾਂ ਹਿੰਦ-ਪਾਕਿ ਦੋਸਤੀ ਸੰਮੇਲਨ 13 ਅਤੇ 14 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸੰਮੇਲਨ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ, ਸਾਫਮਾ ਅਤੇ ਪਾਕਿਸਤਾਨ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕ੍ਰੇਸੀ ਵੱਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਪੱਤਰਕਾਰ ਮਿਲਣੀ ਦੌਰਾਨ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਚੇਅਰਮੈਨ ਸੁਰਜੀਤ ਸਿੰਘ ਜੱਜ ਨੇ ਦੱਸਿਆ ਕਿ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ 14 ਅਗਸਤ ਸਵੇਰੇ 10.30 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ‘ਭਾਰਤ ਤੇ ਪਾਕਿਸਤਾਨ ਸੰਬੰਧ, ਸਮੱਸਿਆਵਾਂ ਤੇ ਸੰਭਾਵਨਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਦੌਰਾਨ ਸੀਨੀਅਰ ਪੱਤਰਕਾਰ ਅਤੇ ਬੁੱਧੀਜੀਵੀ ਜਤਿਨ ਦੇਸਾਈ, ਡਾ. ਸੁੱਚਾ ਸਿੰਘ ਗਿੱਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੰਦੀਪ ਪਾਂਡੇ, ਰਾਮ ਮੋਹਨ ਰਾਏ, ਪ੍ਰੋ. ਬਾਬਾ ਬਾਵਾ ਅਤੇ ਡਾ. ਕੁਲਦੀਪ ਸਿੰਘ ਸਮੇਤ ਹੋਰ ਬੁਲਾਰੇ ਆਪਣੇ ਵਿਚਾਰ ਸਾਂਝੇ ਕਰਨਗੇ।

ਸੰਮੇਲਨ ਤਹਿਤ 14 ਅਗਸਤ ਦੀ ਰਾਤ 12 ਵਜੇ ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਸੁਨੇਹਾ ਦੇਣ ਦੀ ਯੋਜਨਾ ਹੈ। ਮਾਣਕ ਨੇ ਦੱਸਿਆ ਕਿ ਭਾਰਤ ਵਾਲੇ ਪਾਸੇ ਸਰਹੱਦ ਨੇੜੇ ਮੋਮਬੱਤੀਆਂ ਜਗਾਉਣ ਦੀ ਆਗਿਆ ਲਈ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਹੈ। ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਸਰਹੱਦ ਨੇੜੇ ਇਹ ਪ੍ਰੋਗਰਾਮ ਹੋਵੇਗਾ, ਨਹੀਂ ਤਾਂ ਅਟਾਰੀ-ਵਾਹਗਾ ਸਰਹੱਦ ਦੇ ਪਹਿਲੇ ਗੇਟ ਨੇੜੇ ਮੋਮਬੱਤੀਆਂ ਜਗਾਈਆਂ ਜਾਣਗੀਆਂ।

ਇਸੇ ਤਰ੍ਹਾਂ ਪਾਕਿਸਤਾਨ ਵਾਲੇ ਪਾਸੇ ਲਾਹੌਰ ਵਿੱਚ ਸਾਊਥ ਏਸ਼ੀਆ ਫਰੀ ਮੀਡੀਆ ਵੱਲੋਂ 13 ਅਗਸਤ ਸ਼ਾਮ 6.30 ਤੋਂ 8.30 ਵਜੇ ਤੱਕ ‘ਸ਼ਾਂਤੀ ਨੂੰ ਇੱਕ ਮੌਕਾ ਹੋਰ ਦਿਓ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਰਾਤ ਸਵਾ 12 ਵਜੇ ਵਾਹਗਾ-ਅਟਾਰੀ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਅਮਨ ਦਾ ਸੁਨੇਹਾ ਦਿੱਤਾ ਜਾਵੇਗਾ।

ਬੁਲਾਰਿਆਂ ਨੇ ਕਿਹਾ ਕਿ 1947 ਦੀ ਵੰਡ ਦੌਰਾਨ ਵਾਪਰਿਆ ਦੁਖਾਂਤ ਅੱਜ ਵੀ ਲੋਕਾਂ ਦੇ ਮਨਾਂ ਵਿੱਚ ਤਾਜ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦਰਦ ਅਤੇ ਸੰਤਾਪ ਦੁਬਾਰਾ ਕਿਸੇ ਨੂੰ ਨਾ ਝੱਲਣਾ ਪਵੇ, ਇਸੇ ਮਕਸਦ ਨਾਲ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ। ਉਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਮੁੜ ਆਪਸੀ ਸਬੰਧਾਂ ਵਿੱਚ ਨਿੱਘ ਲਿਆਉਣ ਅਤੇ ਗੱਲਬਾਤ ਰਾਹੀਂ ਹਰ ਮਸਲੇ ਦਾ ਹੱਲ ਕੱਢਣ ਦੀ ਲੋੜ ’ਤੇ ਜ਼ੋਰ ਦਿੱਤਾ।

ਬੁਲਾਰਿਆਂ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੇ ਆਪਸੀ ਸੰਪਰਕ ਅਤੇ ਧਾਰਮਿਕ ਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਆਉਣ-ਜਾਣ ਦੇ ਰਸਤੇ ਖੁੱਲ੍ਹਣੇ ਚਾਹੀਦੇ ਹਨ।

ਪ੍ਰਧਾਨ ਰਾਕੇਸ਼ ਯਾਦਵ ਨੇ ਦੱਸਿਆ ਕਿ ਸੰਮੇਲਨ ਵਿੱਚ ਵੱਖ-ਵੱਖ ਸੂਬਿਆਂ ਤੋਂ ਲੋਕ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਦੇ ਰਹਿਣ-ਸਹਿਣ ਸਮੇਤ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਚੇਅਰਮੈਨ ਸੁਰਜੀਤ ਸਿੰਘ ਜੱਜ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਹਮੇਸ਼ਾ ਪਿਆਰ, ਭਾਈਚਾਰੇ ਅਤੇ ਅਮਨ ਦਾ ਸੁਨੇਹਾ ਦੇਣ ਲਈ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਜਿਹੀ ਲੋਕ ਲਹਿਰ ਖੜ੍ਹੀ ਹੋਵੇ ਜਿਸ ਦਾ ਮੁੱਖ ਮੁੱਦਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਰਹੱਦਾਂ ਨੂੰ ਲੋਕਾਂ ਦੇ ਆਪਸੀ ਆਉਣ-ਜਾਣ ਲਈ ਖੋਲ੍ਹਣਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਅਮਨ ਤੇ ਦੋਸਤੀ ਨੂੰ ਮਜ਼ਬੂਤ ਕਰਨਾ ਹੋਵੇ।