ਜੁਲਾਈ ਤੋਂ ਸ਼ੁਰੂ ਹੋਵੇਗੀ ਸਰਕਾਰੀ ਸਕੂਲਾਂ ’ਚ ‘ਨਸ਼ਾ ਮੁਕਤ ਪੰਜਾਬ’ ਮੁਹਿੰਮ, ਜਾਗਰੂਕ ਕਰਨਗੇ ਮਾਹਰ

ਐੱਸ ਏ ਐੱਸ ਨਗਰ (TLT) ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਜੁਲਾਈ 2025 ਤੋ ਵੱਡੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੁਹਿੰਮ ਜੁਲਾਈ 2025 ਤੋ ਫਰਵਰੀ 2026 ਤੱਕ ਚੱਲੇਗੀ, ਜਿਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਪ੍ਰਤੀ ਜਾਗਰੂਕ ਕਰਨਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਰਾਜ ਦੇ ਡੀਓ (ਜ਼ਿਲ੍ਹਾ ਸਿੱਖਿਆ ਅਫ਼ਸਰਾਂ) ਨੂੰ ਲਿਖਤੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਵਿਸ਼ੇਸ਼ ਤੌਰ ’ਤੇ ਮਾਹਰ ਵਿਦਿਆਰਥੀਆਂ ਵਿੱਚ ਸਕਾਰਾਤਮਕ ਊਰਜਾ ਭਰਨਗੇ। ਸਕੂਲਾਂ ਵਿੱਚ ਕਵਿਤਾਵਾਂ, ਕਵਿਜ਼, ਅਤੇ ਲੇਖਾਂ ਰਾਹੀਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ ਜਾਵੇਗਾ ਅਤੇ ਉਨ੍ਹਾਂ ਨੂੰ ਸਿੱਖਿਆ-ਖੇਡਾਂ ਨਾਲ ਜੋੜਿਆ ਜਾਵੇਗਾ।

ਰਾਜ ਪੱਧਰੀ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਇਸ ਮੁਹਿੰਮ ਲਈ ਨੋਟੀਫ਼ਿਕੇਸ਼ਨ, ਸਕੂਲੀ ਮੁਖੀਆਂ ਅਤੇ ਸਿਖਲਾਈ ਸੰਸਥਾਵਾਂ ਨੂੰ ਭੇਜਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ, ਨਵ ਚੇਤਨਾ ਮਾਡਲ, ਗੁੱਡ ਈਵਨਿੰਗ ਪਲਾਨ ਅਤੇ ਬੱਡੀ ਪ੍ਰੋਗਰਾਮ ਤਹਿਤ ਗਤੀਵਿਧੀਆਂ ਕਰਾਈਆਂ ਜਾਣ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਨੂੰ ਨਸ਼ਿਆਂ ਦੇ ਖ਼ਿਲਾਫ਼ ਸਹੁੰ ਚੁਕਾਈ ਜਾਵੇਗੀ। ਹਰ ਸਕੂਲ ਵਿੱਚ ਨਸ਼ਾ ਵਿਰੋਧੀ ਰਿਲੇਅ ਹੋਣਗੇ।

1 ਮਾਰਚ, 2025 ਤੋ ਰਾਜ ਭਰ ਵਿੱਚ ‘ਨਸ਼ਾ ਮੁਕਤ ਪੰਜਾਬ’ ਅਭਿਆਨ ਸ਼ੁਰੂ ਕੀਤਾ ਗਿਆ ਸੀ। ਸਰਕਾਰ ਦਾ ਮੰਨਣਾ ਹੈ ਕਿ ਹਰ ਵਿਦਿਆਰਥੀ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨਾ ਜ਼ਰੂਰੀ ਹੈ। ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਰੀਬ 28 ਲੱਖ ਵਿਦਿਆਰਥੀ ਹਨ। ਸਕੂਲਾਂ ਵਿੱਚ ਮਾਹਰਾਂ ਦੀ ਟੀਮ ਨਸ਼ਿਆਂ ਦੇ ਖ਼ਤਰਿਆਂ ਬਾਰੇ ਬੱਚਿਆਂ ਨਾਲ ਗੱਲਬਾਤ ਕਰੇਗੀ। ਡਾਕੂਮੈਂਟਰੀ ਫ਼ਿਲਮਾਂ ਦਿਖਾਈਆਂ ਜਾਣਗੀਆਂ ਜਦਕਿ ਇੰਟਰ ਐਕਟਿਵ ਸੈਸ਼ਨ ਹੋਣਗੇ। ਪੀਟੀਐੱਮ ਵਿੱਚ ਮਾਪਿਆਂ ਅਤੇ ਬੁੱਧੀਜੀਵੀ ਲੋਕਾਂ ਨੂੰ ਬੁਲਾਇਆ ਜਾਵੇਗਾ।