ਗੈਸ ਪਾਈਪ ਲੀਕ ਹੋਣ ਨਾਲ ਮੱਚ ਗਏ ਭਾਂਬੜ, ਬੱਚੇ ਸਮੇਤ 4 ਝੁਲਸੇ; 2 ਜਣੇ ਅੰਮ੍ਰਿਤਸਰ ਰੈਫਰ

 ਬਟਾਲਾ (TLT) ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਬਟਾਲਾ ਦੇ ਉਮਰਪੁਰਾ ਰੋਡ ‘ਤੇ ਇਕ ਕੰਪਨੀ ਦੀਆਂ ਤਾਰਾਂ ਵਿਛਾਉਣ ਲਈ ਕੰਮ ਕਰ ਰਹੇ ਮਜ਼ਦੂਰਾਂ ਦੀ ਗਲਤੀ ਨਾਲ ਧਰਤੀ ਹੇਠਾਂ ਵਿਛੀ ਗੈਸ ਪਾਈਪ ਨੁਕਸਾਨੀ ਗਈ, ਜਿਸ ਨਾਲ ਗੈਸ ਲੀਕੇਜ ਹੋਣ ਨਾਲ ਅਚਾਨਕ ਅੱਗ ਦਾ ਧਮਾਕਾ ਹੋਇਆ ਹੈ। ਗੈਸ ਲੀਕੇਜ ਨਾਲ ਭੜਕੀ ਅੱਗ ਨੇ ਇਕ ਦੁਕਾਨ ‘ਚ ਬੈਠੇ ਬੱਚੇ ਸਮੇਤ ਚਾਰ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਜਿਸ ਕਾਰਨ ਬੱਚੇ ਸਮੇਤ ਚਾਰੇ ਲੋਕ ਬੁਰੀ ਤਰ੍ਹਾਂ ਝੁਲਸ ਗਏ। ਝੁਲਸੇ ਹੋਏ ਵਿਅਕਤੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਘਟਨਾ ਚ ਰਿਸ਼ਭ ਅਗਰਵਾਲ, ਜੋਗਿੰਦਰ ਪਾਲ, ਜਫਰ ਅਲੀ ਤੇ 10 ਸਾਲਾ ਬੱਚਾ ਰਿਆਣ ਝੁਲਸ ਗਏ ਹਨ। ਸਿਵਲ ਹਸਪਤਾਲ ਬਟਾਲਾ ਦੇ ਐਸਐਮਓ ਡਾਕਟਰ ਮਨਿੰਦਰਜੀਤ ਸਿੰਘ ਅਤੇ ਐਮਰਜੈਂਸੀ ਵਾਰਡ ਦੇ ਡਾਕਟਰ ਝੁਲਸੇ ਹੋਏ ਲੋਕਾਂ ਦਾ ਇਲਾਜ ਕਰ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰਨੀ ਪ੍ਰਧਾਨ ਸ਼ੈਰੀ ਕਲਸੀ ਦਾ ਅੰਮ੍ਰਿਤ ਕਲਸੀ ਵੀ ਮੌਕੇ ‘ਤੇ ਪਹੁੰਚ ਗਏ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਧਰ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।