ਰਿਟਰੀਟ ਦੇਖਣ ਵਾਲਿਆਂ ਦਾ ਸਵਾਗਤ ਕਰੇਗਾ ‘ਸਵਾਗਤੀ ਦੁਆਰ’, ਛਾਂਦਾਰ ਮਾਰਗ ਕਰੇਗਾ ਰਸਤਾ ਆਸਾਨ, ਰਿਟਰੀਟ ਸੈਰੇਮਨੀ ਵਾਲੀ ਜਗ੍ਹਾ ਨੂੰ ਬਣਾਇਆ ਜਾਵੇਗਾ ਸੁੰਦਰ

 ਅੰਮ੍ਰਿਤਸਰ (TLT) ਅਟਾਰੀ-ਵਾਹਗਾ ਸਰਹੱਦ ’ਤੇ ਰਿਟਰੀਟ ਸੈਰੇਮਨੀ ਨੂੰ ਦੇਖਣ ਲਈ ਰੋਜ਼ਾਨਾ ਹਜ਼ਾਰਾਂ ਸੈਲਾਨੀ ਆਉਂਦੇ ਹਨ, ਜੋ ਕਿ ਭਾਰਤ ਅਤੇ ਵਿਦੇਸ਼ਾਂ ਤੋਂ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਗਈ ਹੈ। ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ, ਭਾਰਤ ਸਰਕਾਰ ਵੱਲੋਂ 24.65 ਕਰੋੜ ਰੁਪਏ ਦੀ ਲਾਗਤ ਨਾਲ ਸਵਦੇਸ਼ ਦਰਸ਼ਨ 2.0 ਸਕੀਮ ਤਹਿਤ ਇਸ ਜਗ੍ਹਾ ਨੂੰ ਸੁੰਦਰ ਬਣਾਇਆ ਜਾਵੇਗਾ ਅਤੇ ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਇਹ ਪ੍ਰੋਜੈਕਟ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਸੀਮਾ ਸੁਰੱਖਿਆ ਬਲ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਦੇ ਤਾਲਮੇਲ ਨਾਲ ਵਿਕਸਤ ਕੀਤਾ ਜਾਵੇਗਾ। ਡੀਸੀ ਸਾਕਸ਼ੀ ਸਾਹਨੀ ਨੇ ਕਿਹਾ ਕਿ ਅਟਾਰੀ ਸਰਹੱਦ ਦੀ ਸਾਂਝੀ ਚੈੱਕ ਪੋਸਟ ’ਤੇ ਰਿਟਰੀਟ ਸਮਾਰੋਹ ਭਾਰਤ ਅਤੇ ਵਿਦੇਸ਼ਾਂ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇਸ ਪ੍ਰਸਿੱਧ ਸਥਾਨ ’ਤੇ ਸੈਲਾਨੀਆਂ ਦੇ ਅਨੁਭਵ ਨੂੰ ਹੋਰ ਯਾਦਗਾਰ ਬਣਾਉਣ ਲਈ ਇਸ ਨੂੰ ਸਵਦੇਸ਼ ਦਰਸ਼ਨ 2.0 ਯੋਜਨਾ ਤਹਿਤ 24.64 ਕਰੋੜ ਰੁਪਏ ਨਾਲ ਵਿਕਸਤ ਕੀਤਾ ਜਾਵੇਗਾ। ਪ੍ਰੋਜੈਕਟ ਤਹਿਤ ਸਰਹੱਦ ਦੇ ਪ੍ਰਵੇਸ਼ ਦੁਆਰ ਤੋਂ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਇਹ ਪ੍ਰੋਜੈਕਟ ਨੌਂ ਮਹੀਨਿਆਂ ਵਿਚ ਪੂਰਾ ਕੀਤਾ ਜਾਵੇਗਾ। ਇੰਨਾ ਹੀ ਨਹੀਂ ਸਬੰਧਤ ਏਜੰਸੀ ਅਗਲੇ ਪੰਜ ਸਾਲਾਂ ਲਈ ਇਸ ਦੀ ਦੇਖਭਾਲ ਕਰੇਗੀ।