ਸਰੀ, 16 ਸਤੰਬਰ (TLT NEWS): ਸਰੀ ਵਿਚ ਫ਼ਿਰੌਤੀ ਮੰਗਣ ਦੀਆਂ ਘਟਨਾਵਾਂ ਦੇ ਵਧਣ `ਤੇ ਚਿੰਤਾ ਜ਼ਾਹਿਰ ਕਰਦਿਆਂ ਸ਼ਹਿਰ ਦੀ ਮੇਅਰ ਬ੍ਰੈਂਡਾ ਲੌਕ ਅਤੇ ਸਰੀ ਪੁਲਿਸ ਚੀਫ਼ ਨੌਰਮ ਲਿਪਿਨਸਕੀ ਨੇ ਬੀਤੇ ਦਿਨੀਂ ਸਿਟੀ ਹਾਲ `ਚ ਸ਼ਹਿਰ ਵਿੱਚ ਫ਼ਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਲਈ ਸਹੀ ਜਾਣਕਾਰੀ ਦੇਣ ਵਾਲਿਆਂ ਨੂੰ 250,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮ ਉਨ੍ਹਾਂ ਸੂਹਾਂ ਜਾਂ ਗਵਾਹੀਆਂ ਲਈ ਹੋਵੇਗਾ ਜੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਨੂੰ ਸਜ਼ਾ ਤੱਕ ਲੈ ਕੇ ਜਾਣ ਵਿੱਚ ਮਦਦਗਾਰ ਸਾਬਤ ਹੋਣ।
ਮੇਅਰ ਬ੍ਰੈਂਡਾ ਲੌਕ ਨੇ ਕਿਹਾ, ਅਸੀਂ ਆਪਣੀ ਸਿਟੀ ਵਿੱਚ ਫ਼ਿਰੌਤੀ ਦੇ ਪੈਰ ਮਜ਼ਬੂਤ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਨਾਂ ਹੀ ਦੇਵਾਂਗੇ।
ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਸਰੀ ਅਤੇ ਹੋਰ ਕੈਨੇਡੀਅਨ ਸ਼ਹਿਰਾਂ ਵਿੱਚ, ਖ਼ਾਸ ਕਰਕੇ ਸਾਊਥ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੀਆਂ ਫ਼ਿਰੌਤੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਕਾਰੋਬਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਮੰਗਣ ਦੇ ਮਾਮਲੇ ਆਮ ਹੋ ਰਹੇ ਹਨ, ਜਿਨ੍ਹਾਂ ਨਾਲ ਸਥਾਨਕ ਵਸਨੀਕ ਖੌਫ਼ ‘ਚ ਜੀਅ ਰਹੇ ਹਨ। ਸਰੀ ਪੁਲਿਸ ਸਰਵਿਸ ਦੇ ਚੀਫ਼ ਨੌਰਮ ਲਿਪਿਨਸਕੀ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿੱਚ ਫ਼ਿਰੌਤੀ ਦੇ 44 ਕੇਸਾਂ ਦੀ ਜਾਂਚ ਜਾਰੀ ਹੈ, ਜਿਨ੍ਹਾਂ ਨਾਲ ਸੰਬੰਧਤ 27 ਗੋਲੀਆਂ ਚਲਾਉਣ ਦੀਆਂ ਘਟਨਾਵਾਂ ਵੀ ਰਿਪੋਰਟ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਦੀ ਫ਼ਿਰੌਤੀ ਦੀਆਂ ਘਟਨਾਵਾਂ ਲਈ ਬਣਾਈ ਵਿਸ਼ੇਸ਼ ਟੀਮ ਕੁਝ ਮੁਲਜ਼ਮਾਂ ਦੀ ਪਛਾਣ ਕਰ ਚੁੱਕੀ ਹੈ ਅਤੇ ਇਹ ਇਨਾਮੀ ਰਕਮ ਸਫਲ ਸਜ਼ਾਵਾਂ ਲਈ ਲੋੜੀਂਦੀ ਜਾਣਕਾਰੀ ਲਿਆਉਣ ਵਾਲਾ ਸਾਧਨ ਹੋਵੇਗੀ। ਜਾਣਕਾਰੀ ਦੇਣ ਲਈ ਸਰੀ ਫ਼ਿਰੌਤੀ ਟਿਪ ਲਾਈਨ 236-485-5149 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

More Stories
ਨੌਕਰੀ ਜਾਣ ’ਤੇ ਅਮਰੀਕਾ ਤੁਰੰਤ ਛੱਡਣਾ ਪਵੇਗਾ, ਲੱਖਾਂ ਭਾਰਤੀ ਪੇਸ਼ੇਵਰਾਂ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਪ੍ਰਸਤਾਵ ’ਤੇ ਵਿਚਾਰ
ਗੁਰਜਤਿੰਦਰ ਸਿੰਘ ਰੰਧਾਵਾ ਇੰਟਰਫੇਥ ਕੌਂਸਲ ਆਫ ਗ੍ਰੇਟਰ ਸੈਕਰਾਮੈਂਟੋ ਦੇ ਪੰਜਵੀਂ ਵਾਰ ਡਾਇਰੈਕਟਰ ਚੁਣੇ ਗਏ
ਅੰਗਰੇਜ਼ੀ ਨਾ ਬੋਲਣ ਵਾਲੇ 28,000 ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ, ਭਾਰਤੀਆਂ ‘ਤੇ ਸਭ ਤੋਂ ਵੱਧ ਅਸਰ