ਆਦਮਪੁਰ ਏਅਰਪੋਰਟ ‘ਤੇ ‘ਅਵਸਰ’ ਆਊਟਲੈੱਟ ਸ਼ੁਰੂ: ਸਵਦੇਸ਼ੀ ਉਤਪਾਦਾਂ ਨੂੰ ਮਿਲੇਗਾ ਹੁਲਾਰਾ, ਡਾਇਰੈਕਟਰ ਨੇ ਕਿਹਾ- ਕਿਰਾਏ ‘ਚ 50 ਫੀਸਦੀ ਛੋਟ

ਜਲੰਧਰ (ਰਮੇਸ਼ ਗਾਬਾ) ਆਦਮਪੁਰ ਏਅਰਪੋਰਟ ‘ਤੇ ‘ਅਵਸਰ’ (AVSAR) ਨਾਮ ਦੇ ਦੋ ਨਵੇਂ ਆਊਟਲੈੱਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਔਰਤਾਂ, ਸਵੈ-ਸਹਾਇਤਾ ਸਮੂਹਾਂ (SHGs) ਅਤੇ ਸਥਾਨਕ ਕਾਰੀਗਰਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਤੇ ਸਵਦੇਸ਼ੀ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਣਾ ਹੈ। ਇਸ ਪਹਿਲਕਦਮੀ ਦਾ ਮਕਸਦ ‘ਇੱਕ ਹਵਾਈ ਅੱਡਾ, ਇੱਕ ਉਤਪਾਦ’ ਨੀਤੀ ਤਹਿਤ ਪੇਂਡੂ ਅਤੇ ਰਵਾਇਤੀ ਕਲਾ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਯੋਜਨਾ ਤਹਿਤ, ਦੇਸ਼ ਭਰ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਮਹਿਲਾ ਉੱਦਮੀਆਂ ਅਤੇ ਕਾਰੀਗਰਾਂ ਨੂੰ 200 ਵਰਗ ਫੁੱਟ ਤੱਕ ਦੇ ਆਊਟਲੈੱਟ ਇੱਕ ਮਹੀਨੇ ਲਈ ਰਿਆਇਤੀ ਕਿਰਾਏ ‘ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਲੋੜ ਪੈਣ ‘ਤੇ ਕਿਰਾਏ ਦੀ ਮਿਆਦ ਨੂੰ ਇੱਕ ਮਹੀਨਾ ਹੋਰ ਵਧਾਇਆ ਜਾ ਸਕਦਾ ਹੈ।
ਕਿਰਾਏ ‘ਚ 50 ਫੀਸਦੀ ਛੋਟ ਦਾ ਐਲਾਨ
ਆਦਮਪੁਰ ਹਵਾਈ ਅੱਡੇ ਦੇ ਡਾਇਰੈਕਟਰ ਨੇ ਜਾਣਕਾਰੀ ਦਿੱਤੀ ਕਿ ਇੱਥੇ ਦੋ ‘ਅਵਸਰ’ ਆਊਟਲੈੱਟ ਖੋਲ੍ਹੇ ਗਏ ਹਨ, ਜੋ ਕਿ 50 ਫੀਸਦੀ ਕਿਰਾਏ ਦੀ ਛੋਟ ‘ਤੇ ਅਲਾਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇੱਛੁਕ ਵਿਅਕਤੀ ਇਸ ਸਬੰਧੀ ਹੋਰ ਜਾਣਕਾਰੀ ਹਵਾਈ ਅੱਡੇ ਦੇ ਡਾਇਰੈਕਟਰ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ।
ਇਸ ਮੌਕੇ ‘ਤੇ ਹਵਾਈ ਅੱਡਾ ਅਥਾਰਟੀ ਦੇ ਅਧਿਕਾਰੀ ਅਮਿਤ ਕੁਮਾਰ (ਸਹਾਇਕ ਜਨਰਲ ਮੈਨੇਜਰ ਸਿਵਲ), ਸੂਰਜ ਯਾਦਵ (ਮੈਨੇਜਰ ਇਲੈਕਟ੍ਰੀਕਲ), ਸੂਰਿਆ ਪ੍ਰਤਾਪ ਸਿੰਘ (ਜੇਈ ਆਪਰੇਸ਼ਨਜ਼), ਮੁੱਖ ਸੁਰੱਖਿਆ ਅਧਿਕਾਰੀ ਮੋਹਨ ਪਵਾਰ ਅਤੇ ਪੰਜਾਬ ਪੁਲਿਸ ਤੋਂ ਡੀਐੱਸਪੀ ਜਸਵੰਤ ਕੌਰ ਵੀ ਮੌਜੂਦ ਸਨ।