ਜਲੰਧਰ (ਰਮੇਸ਼ ਗਾਬਾ) 34ਵੇਂ ਮੇਲਾ ਗ਼ਦਰੀ ਬਾਬਿਆ ਦੇ ਦੂਜੇ ਦਿਨ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿਚ ਸ਼ਮ੍ਹਾਂ ਰੌਸ਼ਨ ਕਰਨ ਉਪਰੰਤ ਵੱਖ-ਵੱਖ ਪੰਡਾਲਾਂ ’ਚ ਸਕੂਲੀ ਵਿਦਿਆਰਥੀਆ ਦੇ ਕੁਇਜ਼, ਭਾਸ਼ਣ, ਗਾਇਨ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਦੁਪਹਿਰੋਂ ਬਾਅਦ ਆਡੀਟੋਰੀਅਮ ’ਚ ਵਿਵਦਾਨਾਂ ਨੇ ਗੰਭੀਰ ਮੁੱਦਿਆ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਡਾ. ਤੇਜਿੰਦਰ ਵਿਰਲੀ ਅਤੇ ਡਾ. ਸੈਲੇਸ਼ ਦੀ ਅਗਵਾਈ ’ਚ ਹੋਏ ਮੁਕਾਬਲਿਆਂ ਦੇ ਆਗਾਜ਼ ਮੌਕੇ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੰਖੇਪ ਜਿਹੇ ਸੁਨੇਹੇ ਵਿੱਚ ਕਿਹਾ ਕਿ ਕਲਾ ਖੇਤਰ ਦੀਆਂ ਬਹੁ-ਭਾਂਤੀ ਵਿਧਾਵਾਂ ਰਾਹੀਂ ਗ਼ਦਰ ਲਹਿਰ ਦੀ ਵਿਚਾਰਧਾਰਾ ਤੇ ਸਾਡੇ ਸਮਿਆਂ ਦੇ ਤਿੱਖੜੇ ਸੁਆਲਾਂ ਨੂੰ ਰੌਸ਼ਨੀ ਵਿਚ ਲਿਆਉਣ ਲਈ ਕਮੇਟੀ ਨੂੰ ਲੋਕਾਂ ਦੇ ਭਰਵੇਂ ਸਹਿਯੋਗ ਦੀ ਲੋੜ ਹੈ। ਇਸ ਮੌਕੇ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਕੁਇਜ਼ ਮੁਕਾਬਲੇ ਵਿਚ ਕੁੱਲ 18 ਟੀਮਾਂ ਸ਼ਾਮਲ ਹੋਈਆਂ। ਮੁੱਢਲੇ ਟੈਸਟ ’ਚ ਉਨ੍ਹਾਂ ਵਿਚੋਂ ਅੱਵਲ ਦਰਜਾ ਪ੍ਰਾਪਤ ਕਰਨ ਵਾਲੀਆਂ ਪੰਜ ਟੀਮਾਂ ’ਚ ਅੰਤਿਮ ਮੁਕਾਬਲਾ ਹੋਇਆ। ਕੁਇਜ਼ ਸੰਚਾਲਕ ਹਰਵਿੰਦਰ ਭੰਡਾਲ ਵੱਲੋਂ ਤਿੰਨ ਦੌਰ ’ਚ ਪੁੱਛੇ ਸੁਆਲਾਂ ਦੇ ਸਹੀ ਜੁਆਬ ਦੇਣ ਵਾਲੀਆਂ ਟੀਮਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਗੁਰੂ ਹਰਗੋਬਿੰਦ ਪਬਲਿਕ ਸੈਕੰਡਰੀ ਸਕੂਲ ਜੋੜਕੀਆ (ਮਾਨਸਾ), ਲਿਟਲ ਏਂਜਲਜ਼ ਕੋ.ਐਡ. ਸਕੂਲ (ਕਪੂਰਥਲਾ), ਡਾਈਟ ਸ਼ੇਖੂਪੁਰਾ (ਕਪੂਰਥਲਾ) ਟੀਮਾਂ ਨੇ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਜੀਆ (ਗੌਰਮਿੰਟ ਕਾਲਜ, ਹੁਸ਼ਿਆਰਪੁਰ), ਹਰਪ੍ਰੀਤ ਕੌਰ (ਖਾਲਸਾ ਕਾਲਜ, ਸੁਲਤਾਨਪੁਰ ਲੋਧੀ) ਅਤੇ ਸੁਖਨਜੋਤ ਸਿੰਘ ਜੌਹਲ (ਏਪੀਜੇ ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ। ਗਾਇਨ ਮੁਕਾਬਲੇ ਦੇ ਸੋਲੋ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਹਰਮਨਪ੍ਰੀਤ ਸਿੰਘ (ਸੇਂਟ ਸੋਲਜ਼ਰ ਲਾਅ ਕਾਲਜ, ਜਲੰਧਰ), ਸੁਖਬੀਰ ਕੌਰ (ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ) ਅਤੇ ਅਰਸ਼ਜੋਤ (ਗਰਚਾ ਮਿਊਜ਼ਿਕ ਅਕੈਡਮੀ, ਬੰਗਾ) ਨੇ ਪ੍ਰਾਪਤ ਕੀਤਾ। ਗਾਇਨ ਦੇ ਗਰੁੱਪ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਗੌਰੀ ਰੂਧਰ ਤੇ ਸਾਥੀ (ਡੀ.ਏ.ਵੀ. ਸਕੂਲ ਬਿਲਗਾ), ਅੰਜਲੀ ਤੇ ਸਾਥੀ (ਜਲੰਧਰ ਮਾਡਲ ਸਕੂਲ, ਜਲੰਧਰ) ਅਤੇ ਸਿਮਰਨ ਤੇ ਸਾਥੀ (ਐੱਮ.ਜੀ.ਐੱਨ ਐਜੂਕੇਸ਼ਨ ਕਾਲਜ, ਜਲੰਧਰ) ਨੇ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ਦੇ ਗਰੁੱਪ ਏ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕਰਮਵਾਰ ਮੰਨਤ (ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਕਪੂਰਥਲਾ), ਤਰੁਣ (ਲਾਲਾ ਜਗਤ ਨਰਾਇਣ ਡੀ.ਏ.ਵੀ. ਮਾਡਲ ਸਕੂਲ, ਜਲੰਧਰ), ਕਿਰਨਜੋਤ ਕੌਰ (ਗੌਰਮਿੰਟ ਐਜੂਕੇਸ਼ਨ ਕਾਲਜ, ਜਲੰਧਰ), ਗਰੁੱਪ ਬੀ ਵਿੱਚ ਨੀਤਿਸ਼ ਕਾਂਤ (ਲਿਟਲ ਏਂਜਲਜ਼ ਕੋ.ਐਡ. ਸਕੂਲ, ਕਪੂਰਥਲਾ), ਨੀਤੇਸ਼ ਬੱਧਨ (ਐਸ.ਡੀ. ਮਾਡਲ ਸਕੂਲ, ਜਲੰਧਰ) ਅਤੇ ਪ੍ਰਥਮਜੋਤ ਕੌਰ (ਡਿਪਸ ਸਕੂਲ, ਅਰਬਨ ਅਸਟੇਟ, ਜਲੰਧਰ) ਅਤੇ ਗਰੁੱਪ ਸੀ ਵਿੱਚ ਵਿਰਾਟ (ਐਸ.ਆਰ. ਟੰਗਰੀ ਡੀ.ਏ.ਵੀ. ਸਕੂਲ, ਬਿਲਗਾ), ਜਸਕਰਨ ਸਿੰਘ (ਜਲੰਧਰ ਮਾਡਲ ਸਕੂਲ, ਜਲੰਧਰ) ਅਤੇ ਸਾਕਸ਼ੀ ਸ਼ਰਮਾ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਨੇ ਪ੍ਰਾਪਤ ਕੀਤਾ। ਸਭਨਾਂ ਮੁਕਾਬਲਿਆਂ ਦੇ ਜੇਤੂਆਂ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਕਦ ਰਾਸ਼ੀ, ਪੁਸਤਕਾਂ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। ਸਭਨਾਂ ਮੁਕਾਬਲਿਆਂ ਵਿੱਚ ਹੌਂਸਲਾ ਵਧਾਊ ਇਨਾਮ ਵੀ ਦਿੱਤੇ ਗਏ।

More Stories
ਜਲੰਧਰ ’ਚ ਬਿਨਾਂ HSRP ਨੰਬਰ ਪਲੇਟ ਵਾਲੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ, ਪੁਲਿਸ ਨੇ ਕੱਸਿਆ ਸ਼ਿਕੰਜਾ
ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਸਾਊਦੀ ਅਰਬ ‘ਚ ਪੰਜਾਬੀ ਡਰਾਈਵਰ ਨੂੰ ਮੌਤ ਦੀ ਸਜ਼ਾ, ਬਚਾਉਣ ਲਈ ਮੈਦਾਨ ‘ਚ ਨਿੱਤਰੇ ਦਿ ਗ੍ਰੇਟ ਖਲੀ ਤੇ ਦਿਲਜੀਤ ਦੋਸਾਂਝ