ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਰਬ ਨੌਜਵਾਨ ਸਭਾ ਨੇ ਬਜੁਰਗ ਮਾਤਾ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ

*ਸਭਾ ਦੀ ‘ਆਓ ਪੁੰਨ ਕਮਾਈਏ ਮੁਹਿਮ’ ਮਨੁੱਖਤਾ ਦੀ ਸੱਚੀ ਸੇਵਾ – ਵਿਸ਼ਾਲ ਕੁਮਾਰ
*ਐੱਸ.ਐਚ.ਓ.ਊਸ਼ਾ ਰਾਣੀ ਨੇ ਵੀ ਕੀਤੀ ਉਪਰਾਲੇ ਦੀ ਸ਼ਲਾਘਾ

ਫਗਵਾੜਾ(TLT NEWS) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਵਲੋਂ ਮਿਲੇ ਆਰਥਕ ਸਹਿਯੋਗ ਸਦਕਾ ‘ਆਓ ਪੁੰਨ ਕਮਾਈਏ’ ਲੜੀ ਨੂੰ ਅੱਗੇ ਤੋਰਦਿਆਂ ਇਕ ਲੋੜਵੰਦ ਬਜੁਰਗ ਔਰਤ ਦੀ ਅੱਖ ਦਾ ਫਰੀ ਓਪਰੇਸ਼ਨ ਕਰਵਾਇਆ ਗਿਆ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਨੇ ਮੋਤੀਆਬਿੰਦ ਨਾਲ ਪੀੜ੍ਹਤ ਬਜ਼ੁਰਗ ਮਾਤਾ ਰੇਸ਼ਮ ਕੌਰ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ। ਸੰਖੇਪ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਥਾਣਾ ਸਿਟੀ ਫਗਵਾੜਾ ਦੇ ਐੱਸ.ਐਚ.ਓ.ਮੈਡਮ ਊਸ਼ਾ ਰਾਣੀ ਨੇ ਸ਼ਿਰਕਤ ਕੀਤੀ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਵਿਸ਼ਾਲ ਕੁਮਾਰ ਮੋਹਨ ਸਵੀਟਸ, ਸਵਰਨ ਸਿੰਘ  ਸਵਰਨ ਸਵੀਟ ਸ਼ਾਪ, ਸਮਾਜ ਸੇਵਕ ਮਦਨ ਲਾਲ ਕੋਰੋਟਾਨੀਆ ਸ਼ਾਮਲ ਨੇ ਹਾਜਰੀ ਲਗਵਾਈ। ਐਸ.ਐਚ.ਓ. ਊਸ਼ਾ ਰਾਣੀ ਨੇ ਨੇਤਰ ਰੋਗੀ ਨੂੰ ਦਵਾਈਆਂ ਭੇਂਟ ਕਰਦੇ ਹੋਏ ਕਿਹਾ ਕਿ “ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ। ਅੱਜ ਇਕ ਬਜ਼ੁਰਗ ਮਾਤਾ ਰੇਸ਼ਮ ਕੌਰ ਦੀ ਅੱਖ ਦਾ ਸਫਲ ਅਪਰੇਸ਼ਨ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਇਹੋ ਜਿਹੇ ਕੰਮ ਸਾਨੂੰ ਮਨੁੱਖਤਾ ਦਾ ਅਸਲੀ ਅਰਥ ਸਮਝਾਉਂਦੇ ਹਨ। ਜਦੋਂ ਕਿਸੇ ਦੀਆਂ ਅੱਖਾਂ ਵਿਚ ਰੌਸ਼ਨੀ ਵਾਪਸ ਆਉਂਦੀ ਹੈ, ਤਾਂ ਉਹ ਸਿਰਫ਼ ਇਕ ਵਿਅਕਤੀ ਦੀ ਨਹੀਂ, ਸਾਰੀ ਮਨੁੱਖਤਾ ਦੀ ਜਿੱਤ ਹੁੰਦੀ ਹੈ। ਮੈਂ ਸਰਬ ਨੌਜਵਾਨ ਸਭਾ ਦੀ ਪੂਰੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੰਦੀ ਹਾਂ ਜੋ ਹਰ ਵੇਲੇ ਸੇਵਾ ਦੇ ਮੈਦਾਨ ਵਿਚ ਅੱਗੇ ਰਹਿੰਦੀ ਹੈ। ਇਹ ਸੇਵਾ-ਭਾਵਨਾ ਹੀ ਸਮਾਜ ਨੂੰ ਮਜ਼ਬੂਤ ਤੇ ਇਕਜੁੱਟ ਬਣਾਉਂਦੀ ਹੈ।” ਇਸ ਮੌਕੇ ਵਿਸ਼ਾਲ ਕੁਮਾਰ ਨੇ ਕਿਹਾ ਕਿ ਮੇਰੇ ਲਈ ਅੱਜ ਦਾ ਦਿਨ ਸੱਚਮੁੱਚ ਮਨ ਨੂੰ ਛੂਹਣ ਵਾਲਾ ਰਿਹਾ। ਜਦੋਂ ਅਸੀਂ ਕਿਸੇ ਲੋੜਵੰਦ ਬਜ਼ੁਰਗ ਦੀ ਮਦਦ ਕਰਦੇ ਹਾਂ ਤੇ ਉਸ ਦੀਆਂ ਅੱਖਾਂ ਦੁਬਾਰਾ ਰੌਸ਼ਨੀ ਵੇਖਦੀਆਂ ਹਨ, ਤਾਂ ਉਹ ਖੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਸਭਾ ਵੱਲੋਂ ਇਕ ਬਜ਼ੁਰਗ ਮਾਤਾ ਦੀ ਅੱਖ ਦਾ ਅਪਰੇਸ਼ਨ ਕਰਵਾ ਕੇ ਇਕ ਵੱਡਾ ਮਨੁੱਖਤਾ ਭਰਿਆ ਕੰਮ ਕੀਤਾ ਹੈ। ਉਹਨਾਂ ਨੇ ਸਭਾ ਦੀ ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹੋ ਜਿਹੇ ਯਤਨ ਸਾਡੇ ਸਮਾਜ ਵਿੱਚ ਨੇਕੀਆਂ ਦਾ ਪ੍ਰਕਾਸ਼ ਫੈਲਾਉਂਦੇ ਹਨ। ਡਾ. ਤੁਸ਼ਾਰ ਅੱਗਰਵਾਲ ਨੇ ਕਿਹਾ ਕਿ “ਅੱਖਾਂ ਰੱਬ ਦੀ ਦਿੱਤੀ ਹੋਈ ਸਭ ਤੋਂ ਕੀਮਤੀ ਨੇਮਤ ਹਨ। ਜਦੋਂ ਕੋਈ ਵਿਅਕਤੀ ਦੁਬਾਰਾ ਰੌਸ਼ਨੀ ਵੇਖਦਾ ਹੈ ਤਾਂ ਉਹ ਸਿਰਫ਼ ਅੱਖ ਨਹੀਂ ਖੋਲ੍ਹਦਾ, ਸਗੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਾਤਾ ਰੇਸ਼ਮ ਕੌਰ ਜੀ ਦਾ ਅਪਰੇਸ਼ਨ ਸਫਲਤਾ ਨਾਲ ਹੋਇਆ, ਇਹ ਸਾਡੀ ਲਈ ਵੀ ਇੱਕ ਆਤਮਕ ਖੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਮੈਂ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਦਾ ਧੰਨਵਾਦ ਕਰਦਾ ਹਾਂ, ਜਿਹੜੀ ਨਿਰੰਤਰ ਮਨੁੱਖਤਾ ਦੀ ਸੇਵਾ ਲਈ ਅੱਗੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਮਾਜ ਵਿੱਚ ਆਸ ਤੇ ਚਾਨਣ ਦੋਵੇਂ ਫੈਲਾਉਂਦੇ ਹਨ। ਉਹਨਾਂ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਅੱਖਾਂ ਦੀ ਰੁਟੀਨ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਬਜ਼ੁਰਗ ਮਾਤਾ ਰੇਸ਼ਮ ਕੌਰ ਦੀ ਅੱਖ ‘ਚ ਫੋਲਡੇਬਲ ਲੈਨਜ਼ ਪਾਇਆ ਗਿਆ ਹੈ।