ਅੰਮ੍ਰਿਤਸਰ TLT NEWS/ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 8 ਅਕਤੂਬਰ ਨੂੰ ਮਨਾਏ ਜਾ ਰਹੇ ਹਨ। ਦਰਬਾਰ ਸਾਹਿਬ ਵਿਖੇ ਫੁੱਲਾਂ ਦੀ ਵਿਸ਼ੇਸ਼ ਸਜਾਵਟ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਵਿਦੇਸ਼ੀ ਫੁੱਲਾਂ ਦੀ ਖੁਸ਼ਬੂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੰਪਲੈਕਸ ਮਹਿਕਣ ਲੱਗਾ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਇਸ ਫੁੱਲਾਂ ਦੀ ਸਜਾਵਟ ’ਚ ਦੇਸ਼ ਵਿਦੇਸ਼ਾਂ ਦੇ ਫੁੱਲ ਸਜਾਵਟ ਲਈ ਵਰਤੇ ਜਾ ਰਹੇ ਹਨ। ਕੋਲਕਾਤਾ, ਦਿੱਲੀ, ਮੁੰਬਈ ਤੋਂ ਵਿਸ਼ੇਸ਼ ਤੌਰ ’ਤੇ 100 ਦੇ ਕਰੀਬ ਕਾਰੀਗਰ ਅਤੇ ਸ਼ਰਧਾਲੂ ਦਿਨ ਰਾਤ ਕੰਮ ਕਰਦਿਆ ਅੱਜ ਰਾਤ ਤੱਕ ਫੁੱਲਾਂ ਦੀ ਸਜਾਵਟ ਨੂੰ ਮੁਕੰਮਲ ਕਰਨਗੇ।ਸਜਾਵਟ ਲਈ ਇਹ ਫੁੱਲ ਦੇਸ਼ ਦੇ ਕੋਲਕਾਤਾ, ਕੇਰਲਾ, ਪੂਨਾ, ਦਿੱਲੀ, ਮੁੰਬਈ, ਉੱਤਰ-ਪ੍ਰਦੇਸ਼, ਹਿਮਾਚਲ ਆਦਿ ਸ਼ਹਿਰਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ, ਸਾਊਥ ਅਫਰੀਕਾ ਆਦਿ ਤੋਂ ਮੰਗਵਾਏ ਗਏ ਹਨ। ਕਾਰੀਗਰਾਂ ਵੱਲੋਂ ਵਿਸ਼ੇਸ਼ ਕਾਰੀਗਰੀ ਨਾਲ ਸਜਾਵਟ ’ਚ ਜਿੱਥੇ ਗੋਲੇ, ਝੂਮਰ, ਲੜੀਆਂ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾ ਰਹੇ ਹਨ, ਉੱਥੇ ਖੰਡਾ ਅਤੇ ਇਕ ਉਂਕਾਰ ਦੀ ਵਿਸ਼ੇਸ਼ ਰੂਪ ਵਿਚ ਝਾਲਰ ਵੀ ਤਿਆਰ ਕੀਤੀ ਜਾ ਰਹੀ ਹੈ। ਫੁੱਲਾਂ ’ਚ ਸਭ ਤੋਂ ਵੱਧ ਤਾਦਾਰ ਗੇਂਦੇ ਅਤੇ ਪੱਤੀਆਂ ਦੀ ਹੈ, ਜਿਸ ਨੂੰ ਲੜੀਆਂ ਅਤੇ ਵਿਦੇਸ਼ੀ ਫੁੱਲਾਂ ਨਾਲ ਜੋੜ ਕੇ ਵਰਤਿਆ ਜਾ ਰਿਹਾ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਗੁਰਦੁਆਰਾ ਥੜਾ ਸਾਹਿਬ, ਗੁਰਦੁਆਰਾ ਸ੍ਰੀ ਝੰਡਾ ਬੁੰਗਾ ਸਾਹਿਬ, ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ, ਗੁਰਦੁਆਰਾ ਸ੍ਰੀ ਦੁੱਖ ਭੰਜਨੀ ਸਾਹਿਬ, ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ, ਗੁਰਦੁਆਰਾ ਲਾਚੀ ਬੇਰੀ ਸਾਹਿਬ ਤੋਂ ਇਲਾਵਾ ਕੰਪਲੈਕਸ ਦੀਆਂ ਪਰਿਕਰਮਾ ਵਿਚ ਵੀ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ।

More Stories
ਸਾਬਣ-ਤੇਲ, ਬਿਸਕੁਟ ਤੇ ਰੋਜ਼ਾਨਾ ਦੀਆਂ ਵਸਤਾਂ ਹੋਣਗੀਆਂ ਮਹਿੰਗੀਆਂ; 5-10 ਰੁਪਏ ਵਾਲੇ ਪੈਕੇਟਾਂ ‘ਤੇ ਪਵੇਗਾ ਵੱਡਾ ਅਸਰ! FMCG ਕੰਪਨੀਆਂ ਨੇ ਕੀਤੀ ਤਿਆਰੀ
ਭਾਰਤ-ਪਾਕਿ ਸਰਹੱਦ ਤੇ BSF ਦੀ ਵੱਡੀ ਕਾਰਵਾਈ, ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਢੇਰ
ਭਗਵੰਤ ਮਾਨ ਸਰਕਾਰ ਵੱਲੋਂ 3 ਲੱਖ ਪ੍ਰਵਾਸੀਆਂ ਦੇ ਬਣਾਏ ਜਾਣ ਵਾਲੇ ਰਾਸ਼ਨ ਕਾਰਡ ਨਹੀਂ ਬਣਨ ਦਿਆਂਗੇ-: ਸਮੂਹ ਸਿੱਖ ਜਥੇਬੰਦੀਆਂ